ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ : ਤਿੰਨ ਨੌਜਵਾਨ ਕਾਬੂ, ਨਸ਼ੀਲੀਆਂ ਗੋਲੀਆਂ ਤੇ ਸਾਮਾਨ ਬਰਾਮਦ
ਥਾਣਾ ਹਰਿਆਣਾ ਦੀ ਪੁਲਿਸ ਨੇ ਸ਼ਮਸ਼ਾਨਘਾਟ ਵਰਗੀ ਸ਼ਾਂਤ ਜਗ੍ਹਾ 'ਤੇ ਨਸ਼ਾ ਕਰ ਰਹੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਬਲਵੀਰ ਸਿੰਘ ਸਮੇਤ ਪੁਲਿਸ ਕਰਮਚਾਰੀ ਸਰਕਾਰੀ ਗੱਡੀ ਵਿੱਚ ਗਸ਼ਤ ਦੌਰਾਨ ਅੱਡਾ ਭੂੰਗਾ ਵਿਖੇ ਮੌਜੂਦ ਸਨ। ਇਸ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਜਨੀਸ਼ ਕੁਮਾਰ ਪੁੱਤਰ ਜਗਨ ਨਾਥ ਵਾਸੀ ਪਿੰਡ ਜਨੋੜੀ ਕਥਿਤ ਤੌਰ ’ਤੇ ਨਸ਼ੇ ਕਰਨ ਦਾ ਆਦੀ ਹੈ ।
Publish Date: Sat, 23 May 2026 11:06 AM (IST)
Updated Date: Sat, 23 May 2026 11:14 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਨ ਦਾ ਸਾਮਾਨ ਬਰਾਮਦ ਹੋਇਆ ਹੈ, ਜਦਕਿ ਇੱਕ ਮਾਮਲੇ ਵਿੱਚ ਮੈਡੀਕਲ ਜਾਂਚ ਦੌਰਾਨ ਨਸ਼ੇ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦੇਖ ਕੇ ਲਿਫਾਫਾ ਸੁੱਟਣ ਵਾਲਾ ਨਸ਼ੀਲੀਆਂ ਗੋਲੀਆਂ ਸਮੇਤ ਚੜ੍ਹਿਆ ਅੜਿੱਕੇ
ਪੁਲਿਸ ਅਨੁਸਾਰ, ਥਾਣਾ ਮਾਹਿਲਪੁਰ ਪੁਲਿਸ ਨੇ ਇੱਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਦਬੋਚਿਆ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਲਈ ਬੀ.ਡੀ.ਓ. ਕਲੋਨੀ ਤੋਂ ਬਘੋਰਾ ਰੋਡ ਵੱਲ ਨਾਕਾਬੰਦੀ ਕਰਕੇ ਮੌਜੂਦ ਸੀ। ਇਸੇ ਦੌਰਾਨ ਬੀ.ਡੀ.ਓ. ਕਲੋਨੀ ਵੱਲੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ।
ਪੁਲਿਸ ਮੁਲਾਜ਼ਮਾਂ ਨੂੰ ਸਾਹਮਣੇ ਖੜ੍ਹੇ ਦੇਖ ਕੇ ਨੌਜਵਾਨ ਘਬਰਾ ਗਿਆ। ਉਸ ਨੇ ਤੁਰੰਤ ਆਪਣੀ ਕੈਪਰੀ ਦੀ ਸੱਜੀ ਜੇਬ ਵਿੱਚੋਂ ਇੱਕ ਵਜ਼ਨਦਾਰ ਕਾਲੇ ਰੰਗ ਦਾ ਮੋਮੀ ਲਿਫਾਫਾ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ ਅਤੇ ਖੱਬੇ ਪਾਸੇ ਝਾੜੀਆਂ ਵੱਲ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਮੁਸਤੈਦ ਪੁਲਿਸ ਕਰਮਚਾਰੀਆਂ ਨੇ ਤਤਪਰਤਾ ਦਿਖਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ।
ਫੜੇ ਗਏ ਨੌਜਵਾਨ ਨੇ ਆਪਣੀ ਪਛਾਣ ਰਮਨਦੀਪ ਸਿੰਘ ਉਰਫ਼ ਰਮਨ ਪੁੱਤਰ ਸਰਬਜੀਤ ਸਿੰਘ, ਵਾਸੀ ਪਿੰਡ ਨੰਗਲ ਕਲਾਂ ਵਜੋਂ ਦੱਸੀ। ਜਦੋਂ ਪੁਲਿਸ ਨੇ ਉਸ ਵੱਲੋਂ ਸੁੱਟੇ ਗਏ ਕਾਲੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 103 ਖੁੱਲ੍ਹੀਆਂ ਚਿੱਟੇ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਸ਼ਮਸ਼ਾਨਘਾਟ ਦੇ ਬਰਾਂਡੇ 'ਚ ਨਸ਼ਾ ਕਰਦਾ ਕਾਬੂ
ਥਾਣਾ ਹਰਿਆਣਾ ਦੀ ਪੁਲਿਸ ਨੇ ਸ਼ਮਸ਼ਾਨਘਾਟ ਵਰਗੀ ਸ਼ਾਂਤ ਜਗ੍ਹਾ 'ਤੇ ਨਸ਼ਾ ਕਰ ਰਹੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਬਲਵੀਰ ਸਿੰਘ ਸਮੇਤ ਪੁਲਿਸ ਕਰਮਚਾਰੀ ਸਰਕਾਰੀ ਗੱਡੀ ਵਿੱਚ ਗਸ਼ਤ ਦੌਰਾਨ ਅੱਡਾ ਭੂੰਗਾ ਵਿਖੇ ਮੌਜੂਦ ਸਨ। ਇਸ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਜਨੀਸ਼ ਕੁਮਾਰ ਪੁੱਤਰ ਜਗਨ ਨਾਥ ਵਾਸੀ ਪਿੰਡ ਜਨੋੜੀ ਕਥਿਤ ਤੌਰ ’ਤੇ ਨਸ਼ੇ ਕਰਨ ਦਾ ਆਦੀ ਹੈ ਅਤੇ ਇਸ ਵੇਲੇ ਪਿੰਡ ਫਾਬੜਾ ਦੇ ਸ਼ਮਸ਼ਾਨਘਾਟ ਦੇ ਬਰਾਂਡੇ ਵਿੱਚ ਬੈਠ ਕੇ ਨਸ਼ੇ ਦਾ ਸੇਵਨ ਕਰ ਰਿਹਾ ਹੈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਛਾਪਾ ਮਾਰਿਆ ਅਤੇ ਰਜਨੀਸ਼ ਕੁਮਾਰ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਨਸ਼ਾ ਕਰਨ ਵਾਲਾ ਸਮਾਨ ਜਿਵੇਂ ਅੱਗ ਲਗਾਉਣ ਵਾਲਾ ਲਾਈਟਰ, ਇੱਕ ਸਿਲਵਰ ਪੇਪਰ ਅਤੇ ਨਸ਼ੇ ਨੂੰ ਖਿੱਚਣ ਲਈ ਵਰਤਿਆ ਗਿਆ 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ ਬਰਾਮਦ ਹੋਇਆ।
ਨਸ਼ੇ ਦੀ ਲੱਤ ਲਗਾਉਣ ਵਾਲਾ ਡੋਪ ਟੈਸਟ ਪਾਜ਼ੀਟਿਵ ਆਉਣ ’ਤੇ ਗ੍ਰਿਫ਼ਤਾਰ
ਪੁਲਿਸ ਮੁਤਾਬਕ ਥਾਣਾ ਮੁਕੇਰੀਆਂ ਦੇ ਏ.ਐਸ.ਆਈ. ਦਿਲਦਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦੋਂ ਮੁਕੇਰੀਆਂ ਤੋਂ ਭੰਗਾਲਾ ਅਤੇ ਮਾਨਸਰ ਵੱਲ ਜਾ ਰਹੀ ਸੀ ਤਾਂ ਪੁਵਾਰਾ ਮੋੜ ਕੋਲ ਮੁਖ਼ਬਰ ਖ਼ਾਸ ਨੇ ਪੁਲਿਸ ਨੂੰ ਇੱਕ ਅਹਿਮ ਜਾਣਕਾਰੀ ਦਿੱਤੀ।
ਮੁਖ਼ਬਰ ਨੇ ਦੱਸਿਆ ਕਿ ਗੌਰਵ ਮਹਿਰਾ ਪੁੱਤਰ ਕੁਲਦੀਪ ਕੁਮਾਰ, ਵਾਸੀ ਮੁਕੇਰੀਆਂ ਨਾ ਸਿਰਫ਼ ਖ਼ੁਦ ਕਥਿਤ ਤੌਰ ’ਤੇ ਨਸ਼ੇ ਦਾ ਆਦੀ ਹੈ, ਸਗੋਂ ਉਹ ਇਲਾਕੇ ਦੇ ਹੋਰ ਭੋਲੇ-ਭਾਲੇ ਨੌਜਵਾਨਾਂ ਨੂੰ ਵੀ ਫਸਾ ਕੇ ਉਨ੍ਹਾਂ ਨੂੰ ਨਸ਼ੇ ਦੀ ਲੱਤ ਲਗਾ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਗੌਰਵ ਮਹਿਰਾ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਉਸ ਦਾ 'ਡੋਪ ਟੈਸਟ' ਕਰਵਾਇਆ ਗਿਆ ਤਾਂ ਡਾਕਟਰ ਵੱਲੋਂ ਜਾਰੀ ਰਿਪੋਰਟ ਵਿੱਚ ਉਸ ਦੇ ਨਸ਼ੇ ਦਾ ਟੈਸਟ ਪਾਜ਼ੇਟਿਵ ਆਇਆ।