ਹੁਸ਼ਿਆਰਪੁਰ ਪੁਲਿਸ ਦਾ ਨਸ਼ਾ ਤਸਕਰਾਂ ’ਤੇ ਵੱਡਾ ਐਕਸ਼ਨ: 5 ਵੱਖ-ਵੱਖ ਮਾਮਲਿਆਂ ’ਚ 6 ਤਸਕਰ ਕਾਬੂ, ਨਸ਼ੀਲੇ ਪਦਾਰਥ ਬਰਾਮਦ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਅਧੀਨ ਪੁਲਿਸ ਨੇ ਸਾਂਝੀਆਂ ਅਤੇ ਸੁਚੱਜੀਆਂ ਕਾਰਵਾਈਆਂ ਕਰਦਿਆਂ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਅਤੇ ਕੁਝ ਨੂੰ ਨਸ਼ਾ ਕਰਦੇ ਹੋਏ ਕਾਬੂ ਕਰਨ ਵਿੱਚ ਮਹੱਤਵਪੂਰਨ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
Publish Date: Sun, 03 May 2026 12:44 PM (IST)
Updated Date: Sun, 03 May 2026 12:48 PM (IST)
ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਅਧੀਨ ਪੁਲਿਸ ਨੇ ਸਾਂਝੀਆਂ ਅਤੇ ਸੁਚੱਜੀਆਂ ਕਾਰਵਾਈਆਂ ਕਰਦਿਆਂ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਅਤੇ ਕੁਝ ਨੂੰ ਨਸ਼ਾ ਕਰਦੇ ਹੋਏ ਕਾਬੂ ਕਰਨ ਵਿੱਚ ਮਹੱਤਵਪੂਰਨ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਨਹਿਰ ਦੇ ਪੁਲ ਕੋਲੋਂ ਦੋ ਤਸਕਰ 515 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ
ਗੜ੍ਹਸ਼ੰਕਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਨਵਾਂਸ਼ਹਿਰ ਰੋਡ ’ਤੇ ਸਥਿਤ ਨਹਿਰ ਦੇ ਪੁਲ ਕੋਲ ਚੈਕਿੰਗ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ। ਪੁਲਿਸ ਨੇ ਦੱਸਿਆ ਕਿ ਐੱਸ.ਆਈ. ਪਰਮਜੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਜਗਤਾਰ ਸਿੰਘ ਉਰਫ਼ ਸਲੀਮ (ਵਾਸੀ ਪਿੰਡ ਘਾਗੋ ਰੋੜਾ ਵਾਲੀ) ਅਤੇ ਵਿਨੋਦ ਕੁਮਾਰ ਉਰਫ਼ ਮੰਨੂ (ਵਾਸੀ ਪਿੰਡ ਘਾਟੀ, ਗੜ੍ਹਸ਼ੰਕਰ) ਨੂੰ ਕਾਬੂ ਕੀਤਾ।
ਤਲਾਸ਼ੀ ਦੌਰਾਨ ਜਗਤਾਰ ਸਿੰਘ ਕੋਲੋਂ 262 ਗ੍ਰਾਮ ਅਤੇ ਵਿਨੋਦ ਕੁਮਾਰ ਕੋਲੋਂ 253 ਗ੍ਰਾਮ ਨਸ਼ੀਲਾ ਪਾਊਡਰ ਕਥਿਤ ਤੌਰ ’ਤੇ ਬਰਾਮਦ ਹੋਇਆ। ਪੁਲਿਸ ਮੁਤਾਬਕ ਕੁੱਲ 515 ਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ।
ਨੈਨਵਾ ਰੋਡ ਤੋਂ 320 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ
ਇੱਕ ਹੋਰ ਕਾਰਵਾਈ ਵਿੱਚ ਗੜ੍ਹਸ਼ੰਕਰ ਥਾਣੇ ਦੇ ਏ.ਐੱਸ.ਆਈ. ਓਂਕਾਰ ਸਿੰਘ ਦੀ ਟੀਮ ਨੇ ਨੈਨਵਾ-ਪੋਜੇਵਾਲ ਰੋਡ ’ਤੇ ਪਿੰਡ ਸਤੀਆ ਨੇੜੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਫੜੇ ਗਏ ਵਿਅਕਤੀ ਦੀ ਪਛਾਣ ਅਜੇ ਕੁਮਾਰ ਵਾਸੀ ਪਿੰਡ ਨੈਨਵਾ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਅਜੇ ਕੁਮਾਰ ਦੇ ਕਬਜ਼ੇ ਵਿੱਚੋਂ ਕਥਿਤ ਤੌਰ ’ਤੇ 320 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਥਾਣਾ ਚੱਬੇਵਾਲ ਦੀ ਪੁਲਿਸ ਨੇ ਪਿੰਡ ਮਹਿਨਾ ਨੇੜੇ ਗਸ਼ਤ ਦੌਰਾਨ ਪਰਵਿੰਦਰ ਸਿੰਘ ਉਰਫ਼ ਸਨੀ (ਵਾਸੀ ਪਿੰਡ ਬੋਹਣ) ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਜਦੋਂ ਏ.ਐੱਸ.ਆਈ. ਦਲਜੀਤ ਕੁਮਾਰ ਦੀ ਟੀਮ ਗਸ਼ਤ ’ਤੇ ਸੀ, ਤਾਂ ਉਕਤ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ। ਸ਼ੱਕ ਹੋਣ ’ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਕਥਿਤ ਤੌਰ ’ਤੇ 30 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਖਾਲੀ ਪਲਾਟ ਵਿੱਚ ਨਸ਼ਾ ਕਰਦਾ ਵਿਅਕਤੀ ਰੰਗੇ ਹੱਥੀਂ ਕਾਬੂ
ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ਾ ਕਰਦੇ ਹੋਏ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੁਖਦੇਵ ਪਾਲ (ਵਾਸੀ ਰਹੀਮਪੁਰ) ਵਜੋਂ ਹੋਈ ਹੈ।
ਪੁਲਿਸ ਮੁਤਾਬਕ ਏ.ਐਸ.ਆਈ. ਦੀਪਕ ਕੁਮਾਰ ਜਦੋਂ ਰਾਮ ਨਗਰ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਉਕਤ ਵਿਅਕਤੀ ਖਾਲੀ ਪਲਾਟ ਵਿੱਚ ਬੈਠ ਕੇ ਲਾਈਟਰ ਅਤੇ ਸਿਲਵਰ ਫੁਆਇਲ ਦੀ ਮਦਦ ਨਾਲ ਕਥਿਤ ਤੌਰ ’ਤੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਪੁਲਿਸ ਨੇ ਮੌਕੇ ਤੋਂ 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ, ਸਿਲਵਰ ਪੰਨੀ ਅਤੇ ਲਾਈਟਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਸੜਕ ਕਿਨਾਰੇ ਸਰਿੰਜ ਲਗਾ ਰਿਹਾ ਨੌਜਵਾਨ ਪੁਲਿਸ ਅੜਿੱਕੇ ਚੜ੍ਹਿਆ
ਥਾਣਾ ਦਸੂਹਾ ਦੀ ਪੁਲਿਸ ਨੇ ਰਵਿੰਦਰ ਸਿੰਘ ਉਰਫ਼ ਪਿੰਟੂ (ਵਾਸੀ ਦੋਲੋਵਾਲ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਮਹਿੰਦਰ ਸਿੰਘ ਦੀ ਟੀਮ ਜਦੋਂ ਪਿੰਡ ਘੋਗਰਾ ਦੇ ਮੋੜ ਪਾਸ ਪੁੱਜੀ ਤਾਂ ਉਕਤ ਨੌਜਵਾਨ ਸੜਕ ਕਿਨਾਰੇ ਬੈਠ ਕੇ ਕਥਿਤ ਤੌਰ ’ਤੇ ਆਪਣੀ ਬਾਹ ਵਿੱਚ ਸਰਿੰਜ ਲਗਾ ਰਿਹਾ ਸੀ।
ਪੁਲਿਸ ਮੁਤਾਬਕ ਨੌਜਵਾਨ ਨੇ ਪੁਲਿਸ ਨੂੰ ਦੇਖ ਕੇ ਸਰਿੰਜ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਅਤੇ ਸਰਿੰਜ ਬਰਾਮਦ ਕੀਤੀ ਗਈ।