ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਸਖ਼ਤੀ : ਦੋ ਨੌਜਵਾਨ ਕਾਬੂ, ਇੱਕ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਤੇ ਦੂਜੇ ਦਾ ਡੋਪ ਟੈਸਟ ਆਇਆ ਪਾਜ਼ੇਟਿਵ
ਥਾਣਾ ਚੱਬੇਵਾਲ ਦੇ ਏ.ਐਸ.ਆਈ. ਮੰਨਾ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਨਸ਼ਾ ਤਸਕਰਾਂ 'ਤੇ ਨਜ਼ਰ ਰੱਖਣ ਲਈ ਪਿੰਡ ਖੰਨੀ ਦੇ ਨਜ਼ਦੀਕ ਗਸ਼ਤ 'ਤੇ ਸਨ। ਇਸੇ ਦੌਰਾਨ ਇੱਕ ਮੋਨਾ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਮੌਕੇ ਤੋਂ ਖਿਸਕਣ ਦੀ ਫਿਰਾਕ ਵਿੱਚ ਸੀ।
Publish Date: Mon, 25 May 2026 01:01 PM (IST)
Updated Date: Mon, 25 May 2026 01:10 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਨਸ਼ਾ ਤਸਕਰੀ ਅਤੇ ਨਸ਼ਾਖੋਰੀ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਨੌਜਵਾਨਾਂ ਦੀ ਗ਼੍ਰਿਫਤਾਰੀ ਰਵਾਇਤੀ ਗਸ਼ਤ ਅਤੇ ਗੁਪਤ ਸੂਚਨਾਵਾਂ ਦੇ ਅਧਾਰ 'ਤੇ ਵੱਖ-ਵੱਖ ਥਾਣਿਆਂ ਦੀ ਮੁਸਤੈਦ ਪੁਲਿਸ ਪਾਰਟੀਆਂ ਵਲੋਂ ਕੀਤੀ ਗਈ।
ਥਾਣਾ ਚੱਬੇਵਾਲ ਦੇ ਏ.ਐਸ.ਆਈ. ਮੰਨਾ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਨਸ਼ਾ ਤਸਕਰਾਂ 'ਤੇ ਨਜ਼ਰ ਰੱਖਣ ਲਈ ਪਿੰਡ ਖੰਨੀ ਦੇ ਨਜ਼ਦੀਕ ਗਸ਼ਤ 'ਤੇ ਸਨ। ਇਸੇ ਦੌਰਾਨ ਇੱਕ ਮੋਨਾ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਮੌਕੇ ਤੋਂ ਖਿਸਕਣ ਦੀ ਫਿਰਾਕ ਵਿੱਚ ਸੀ।
ਮੌਕੇ 'ਤੇ ਕਾਬੂ ਤੇ ਤਲਾਸ਼ੀ
ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਸ਼ੱਕ ਦੇ ਬਿਨਾਹ 'ਤੇ ਉਕਤ ਨੌਜਵਾਨ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਰਘੂਵੀਰ ਸਿੰਘ ਵਾਸੀ ਪਿੰਡ ਜੇਜੋ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਦੱਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਕਾਨੂੰਨੀ ਪ੍ਰਕਿਰਿਆ ਤਹਿਤ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਕਥਿਤ ਤੌਰ ’ਤੇ ਨਸ਼ਾ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ ਇੱਕ ਪੰਨੀ, ਜਿਸ ’ਤੇ ਨਸ਼ੀਲਾ ਪਦਾਰਥ ਲੱਗਾ ਹੋਇਆ ਸੀ, ਇੱਕ ਲਾਈਟਰ ਅਤੇ 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ ਬਰਾਮਦ ਹੋਇਆ।
ਮੇਹਟੀਆਣਾ ਪੁਲਿਸ ਵੱਲੋਂ ਮੁਖ਼ਬਰ ਦੀ ਸੂਚਨਾ 'ਤੇ ਕਾਰਵਾਈ ਡੋਪ ਟੈਸਟ ਪੌਜਟਿਵ ਆਉਣ ਤੋਂ ਬਾਅਦ ਨੌਜਵਾਨ ਗ੍ਰਿਫ਼ਤਾਰ
ਇੱਕ ਹੋਰ ਮਾਮਲੇ ਵਿੱਚ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਨਸ਼ਾਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਪੁਲਿਸ ਮੁਤਾਬਕ, ਏ.ਐਸ.ਆਈ. ਓਂਕਾਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਸ਼ੱਕੀ ਪੁਰਸ਼ਾਂ ਅਤੇ ਅਸਮਾਜਿਕ ਤੱਤਾਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਫਲਾਹੀ ਤੋਂ ਮਹਿਮੋਵਾਲ ਵੱਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਪਿੰਡ ਮਹਿਮੋਵਾਲ ਦੇ ਬਾਹਰਵਾਰ ਪਹੁੰਚੀ ਤਾਂ ਉੱਥੇ ਇੱਕ ਖਾਸ ਮੁਖ਼ਬਰ ਨੇ ਪੁਲਿਸ ਨੂੰ ਪੱਕੀ ਜਾਣਕਾਰੀ ਦਿੱਤੀ ਕਿ ਮਨਜਿੰਦਰ ਸਿੰਘ ਪੁੱਤਰ ਸੁਰਿੰਦਰ ਪਾਲ, ਵਾਸੀ ਮਹਿਮੋਵਾਲ, ਜੋ ਕਿ ਕਥਿਤ ਤਯਰ ’ਤੇ ਨਸ਼ੇ ਕਰਨ ਦਾ ਆਦਿ ਹੈ, ਇਸ ਵੇਲੇ ਨਸ਼ੇ ਦੀ ਲੋਰ ਵਿੱਚ ਗਊਸ਼ਾਲਾ ਦੇ ਨਜ਼ਦੀਕ ਘੁੰਮ ਰਿਹਾ ਹੈ।
ਪੁਲਿਸ ਵੱਲੋਂ ਘੇਰਾਬੰਦੀ ਤੇ ਹਸਪਤਾਲ ਰਵਾਨਗੀ
ਏ.ਐਸ.ਆਈ. ਓਂਕਾਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਤੁਰੰਤ ਗਊਸ਼ਾਲਾ ਦੇ ਆਲੇ-ਦੁਆਲੇ ਘੇਰਾਬੰਦੀ ਕੀਤੀ ਅਤੇ ਤੇ ਨਸ਼ੇ ਦੀ ਹਾਲਤ ਵਿੱਚ ਝੂਮ ਰਹੇ ਮਨਜਿੰਦਰ ਸਿੰਘ ਨੂੰ ਕਾਬੂ ਕਰ ਲਿਆ। ਨੌਜਵਾਨ ਦੀ ਹਾਲਤ ਨੂੰ ਦੇਖਦੇ ਹੋਏ ਪੁਲਿਸ ਟੀਮ ਉਸ ਨੂੰ ਤੁਰੰਤ ਸਰਕਾਰੀ ਗੱਡੀ ਵਿੱਚ ਬਿਠਾ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਗਈ ਤਾਂ ਜੋ ਉਸ ਦੀ ਮੈਡੀਕਲ ਜਾਂਚ ਕਰਵਾਈ ਜਾ ਸਕੇ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਮਨਜਿੰਦਰ ਸਿੰਘ ਦਾ ਡੋਪ ਟੈਸਟ ਕੀਤਾ ਗਿਆ ਜੋ ਕਿ 'ਪੌਜਟਿਵ' ਆਇਆ।