ਹੁਸ਼ਿਆਰਪੁਰ ਪੁਲਿਸ ਦਾ ਐਕਸ਼ਨ: ਚਾਰ ਨਾਜਾਇਜ਼ ਸ਼ਰਾਬ ਤਸਕਰ ਗ੍ਰਿਫ਼ਤਾਰ, ਭਾਰੀ ਮਾਤਰਾ ’ਚ ਵਿਸਕੀ ਬਰਾਮਦ
ਜ਼ਿਲ੍ਹਾ ਪੁਲਿਸ ਵੱਲੋਂ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਨੇ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਵੱਖ-ਵੱਖ ਮਾਰਕਿਆਂ ਦੀ ਸ਼ਰਾਬ ਬਰਾਮਦ ਹੋਈ ਹੈ ਅਤੇ ਸਾਰੇ ਮਾਮਲੇ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਦਰਜ ਕੀਤੇ ਗਏ ਹਨ।
Publish Date: Mon, 27 Apr 2026 03:22 PM (IST)
Updated Date: Mon, 27 Apr 2026 03:26 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁ਼ਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਨੇ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਵੱਖ-ਵੱਖ ਮਾਰਕਿਆਂ ਦੀ ਸ਼ਰਾਬ ਬਰਾਮਦ ਹੋਈ ਹੈ ਅਤੇ ਸਾਰੇ ਮਾਮਲੇ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਦਰਜ ਕੀਤੇ ਗਏ ਹਨ।
ਸਸਤੇ ਭਾਅ ਲਿਆ ਕੇ ਮਹਿੰਗੇ ਭਾਅ ਸ਼ਰਾਬ ਵੇਚਣ ਵਾਲੇ ਤਸਕਰਾਂ ਨੂੰ ਪੁਲਿਸ ਨੇ ਦਬੋਚਿਆ
ਪੁਲਿਸ ਅਨੁਸਾਰ ਥਾਣਾ ਮੁਕੇਰੀਆਂ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਘਸੀਟਪੁਰ ਮੋੜ ਨੇੜੇ ਛਾਪੇਮਾਰੀ ਕਰਕੇ ਇੱਕ ਸ਼ਰਾਬ ਤਸਕਰ ਨੂੰ ਕਾਬੂ ਕੀਤਾ ਹੈ। ਏ.ਐੱਸ.ਆਈ. ਸੀਤਾ ਰਾਮ ਸਮੇਤ ਪੁਲਿਸ ਪਾਰਟੀ ਤਲਵੰਡੀ ਤੋਂ ਘਸੀਟਪੁਰ ਵੱਲ ਜਾ ਰਹੀ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਿੰਮੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਘਸੀਟਪਰ ਬਾਹਰਲੇ ਠੇਕਿਆਂ ਤੋਂ ਸਸਤੀ ਸ਼ਰਾਬ ਲਿਆ ਕੇ ਇਲਾਕੇ ਵਿੱਚ ਮਹਿੰਗੇ ਭਾਅ ਵੇਚਦਾ ਹੈ। ਪੁਲਿਸ ਨੇ ਰੇਡ ਕਰਕੇ ਜਿੰਮੀ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਰਾਇਲ ਸਟੈਗ ਵਿਸਕੀ ਦੀਆਂ ਕਥਿਤ ਤੌਰ ’ਤੇ 12 ਬੋਤਲਾਂ ਬਰਾਮਦ ਹੋਈਆਂ।
ਇੱਕ ਹੋਰ ਮਾਮਲੇ ਵਿੱਚ ਮੁਕੇਰੀਆਂ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਰਵਿੰਦਰ ਸਿੰਘ ਉਰਫ ਰਿਸ਼ੀ ਵਾਸੀ ਕਿਸ਼ਨਪੁਰਾ ਮੁਹੱਲਾ, ਮੁਕੇਰੀਆ ਗੈਰ-ਕਾਨੂੰਨੀ ਢੰਗ ਨਾਲ ਬਾਹਰਲੇ ਠੇਕਿਆਂ ਤੋਂ ਸਸਤੀ ਸ਼ਰਾਬ ਲਿਆ ਕੇ ਇਲਾਕੇ ਵਿੱਚ ਮਹਿੰਗੇ ਭਾਅ ਵੇਚਣ ਦੇ ਧੰਦੇ ਵਿੱਚ ਸ਼ਾਮਲ ਹੈ ਅਤੇ ਉਸ ਵਲੋਂ ਦੱਸੀ ਜਗ੍ਹਾ ’ਤੇ ਰੇਡ ਕਰਕੇ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਰਵਿੰਦਰ ਸਿੰਘ ਕੋਲੋਂ ‘ਰਾਇਲ ਚੈਲੇਂਜ’ ਵਿਸਕੀ ਦੀਆਂ 11 ਬੋਤਲਾਂ ਕਥਿਤ ਤੌਰ ’ਤੇ ਬਰਾਮਦ ਕੀਤੀਆਂ ਹਨ।
ਨਹਿਰ ਦੇ ਪੁਲ ਕੋਲੋਂ ਸ਼ਰਾਬ ਤਸਕਰ ਗ੍ਰਿਫਤਾਰ
ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਨਹਿਰ ਇਬਰਾਹੀਮਪੁਰ ਦੇ ਪੁਲ ਕੋਲੋਂ ਇੱਕ ਵਿਅਕਤੀ ਨੂੰ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਏ.ਐੱਸ.ਆਈ. ਰਾਜ ਕੁਮਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਜਸਵੀਰ ਸਿੰਘ ਉਰਫ ਕਾਲਾ (ਵਾਸੀ ਮੋਹਣੋਵਾਲ) ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ।
ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ‘ਪੰਜਾਬ ਰਸਭਰੀ’ ਮਾਰਕਾ ਦੀਆਂ 10 ਬੋਤਲਾਂ ਬਰਾਮਦ ਹੋਈਆਂ। ਮੁਲਜ਼ਮ ਕੋਲ ਸ਼ਰਾਬ ਸਬੰਧੀ ਕੋਈ ਵੀ ਲਾਇਸੰਸ ਜਾਂ ਪਰਮਿਟ ਨਹੀਂ ਸੀ, ਜਿਸ ਕਾਰਨ ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ।
ਖਾਲਸਾ ਸਕੂਲ ਗਰਾਊਂਡ ਨੇੜੇ ਸ਼ਰਾਬ ਵੇਚਦਾ ਅੜਿੱਕੇ ਚੜ੍ਹਿਆ
ਇੰਡਸਟ੍ਰੀਅਲ ਫੋਕਲ ਪੁਆਇੰਟ ਪੁਰਹੀਰਾਂ ਦੀ ਪੁਲਿਸ ਨੇ ਕੀਰਤੀ ਨਗਰ ਖੇਤਰ ਵਿੱਚੋਂ ਅਸ਼ੀਸ਼ ਉਰਫ ਸੋਨੂੰ ਵਾਸੀ ਸਥਾਨਕ ਕੀਰਤੀ ਨਗਰ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਏ.ਐੱਸ.ਆਈ. ਦੀਪਕ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸੋਨੂੰ ਖਾਲਸਾ ਸਕੂਲ ਦੀ ਗਰਾਊਂਡ ਨੇੜੇ ਖਾਲੀ ਪਲਾਟ ਵਿੱਚ ਖੜ੍ਹ ਕੇ ਸ਼ਰਾਬ ਵੇਚ ਰਿਹਾ ਹੈ।
ਪੁਲਿਸ ਮੁਤਾਬਕ ਪੁਲਿਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਨੇ ਘਬਰਾ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦਬੋਚ ਲਿਆ ਗਿਆ। ਉਸ ਦੇ ਬੈਗ ’ਚੋਂ ‘ਪੰਜਾਬ ਕਲੱਬ ਗੋਲਡ ਵਿਸਕੀ’ ਦੀਆਂ ਕਥਿਤ ਤੌਰ ’ਤੇ 12 ਬੋਤਲਾਂ ਬਰਾਮਦ ਹੋਈਆਂ ਹਨ। ਪੁਲਿਸ ਨੇ ਕਿਹਾ ਕਿ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਖਿਲਾਫ ਮੁਹਿੰਮ ਲਗਾਤਾਰ ਜਾਰੀ ਰਹੇਗੀ।