Hoshiarpur News : ਈ-ਰਿਕਸ਼ਾ ਤੇ ਟਿੱਪਰ ਵਿਚਾਲੇ ਭਿਆਨਕ ਹਾਦਸਾ, ਤਿੰਨ ਜਣੇ ਜ਼ਖ਼ਮੀ
ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ’ਤੇ ਪੈਂਦੇ ਕਸਬਾ ਮਾਹਿਲਪੁਰ ਵਿੱਚ ਈ-ਰਿਕਸ਼ਾ ਅਤੇ ਟਿੱਪਰ ਦਰਮਿਆਨ ਹੋਏ ਭਿਆਨਕ ਹਾਦਸੇ ਵਿੱਚ ਇਕ ਵਿਅਕਤੀ ਅਤੇ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਇਕ ਜ਼ਖ਼ਮੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
Publish Date: Sat, 16 May 2026 07:03 PM (IST)
Updated Date: Sat, 16 May 2026 07:08 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ’ਤੇ ਪੈਂਦੇ ਕਸਬਾ ਮਾਹਿਲਪੁਰ ਵਿੱਚ ਈ-ਰਿਕਸ਼ਾ ਅਤੇ ਟਿੱਪਰ ਦਰਮਿਆਨ ਹੋਏ ਭਿਆਨਕ ਹਾਦਸੇ ਵਿੱਚ ਇਕ ਵਿਅਕਤੀ ਅਤੇ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਇਕ ਜ਼ਖ਼ਮੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਧੰਨੀ ਰਾਮ (55) ਵਾਸੀ ਕਾਲੇਵਾਲ ਭਗਤਾਂ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਆਪਣੇ ਈ-ਰਿਕਸ਼ਾ ਨੰਬਰ ਪੀ ਬੀ 07 ਸੀ ਏ 6497 ਵਿੱਚ ਦੋ ਮਹਿਲਾ ਸਵਾਰੀਆਂ, ਕਾਜਲ ਪਤਨੀ ਬਿ੍ਰਜ ਨਾਥ (37)ਅਤੇ ਜਸਵੀਰ ਕੌਰ ਪਤਨੀ ਹਰਪ੍ਰੀਤ ਸਿੰਘ (33) ਦੋਵੇਂ ਵਾਸੀ ਕਾਲੇਵਾਲ ਭਗਤਾ ਨੂੰ ਆਪਣੀ ਈ- ਰਿਕਸ਼ਾ ਵਿਚ ਬਿਠਾ ਕੇ ਮਾਹਿਲਪੁਰ ਆ ਰਿਹਾ ਸੀ, ਜੋ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਵੱਲ ਜਾ ਰਹੇ ਬਿਨਾਂ ਨੰਬਰ, ਟਿੱਪਰ ਜਿਸ ਨੂੰ ਪਰਮਜੀਤ ਸਿੰਘ ਪੁਤਰ ਸੰਜੀਵ ਵਾਸੀ ਗੱਦੀਵਾਲ ਜ਼ਿਲ੍ਹਾ ਰੋਪੜ ਚਲਾ ਰਿਹਾ ਸੀ ਨਾਲ ਟਕਰਾ ਗਿਆ। ਜਿਸ ਨਾਲ ਰਿਕਸ਼ਾ ਚਾਲਕ ਮਲਕੀਤ ਸਿੰਘ ਪੁੱਤਰ ਧੰਨੀ ਰਾਮ, ਕਾਜਲ ਪਤਨੀ ਬ੍ਰਿਜ ਨਾਥ ਅਤੇ ਜਸਵੀਰ ਕੌਰ ਪਤਨੀ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ। ਟਿੱਪਰ ਚਾਲਕ ਨੇ ਸਮੇਤ ਟਿੱਪਰ ਦੌੜਨ ਦੀ ਕੋਸ਼ਿਸ ਕੀਤੀ ਪਰ ਮੌਕੇ ’ਤੇ ਖੜ੍ਹੇ ਕੁੱਝ ਨੌਜਵਾਨਾਂ ਨੇ ਟਿੱਪਰ ਵਾਲੇ ਨੂੰ ਮਾਹਿਲਪੁਰ ਨਵੇਂ ਬੱਸ ਸਟੈਂਡ ’ਤੇ ਘੇਰ ਕੇ ਥਾਣਾ ਮਾਹਿਲਪੁਰ ਦੀ ਪੁਲਿਸ ਹਵਾਲੇ ਕਰ ਦਿੱਤਾ।
ਗੰਭੀਰ ਜ਼ਖਮੀ ਮਲਕੀਤ ਸਿੰਘ ਪੁੱਤਰ ਧੰਨੀ ਰਾਮ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਟਿੱਪਰ ਚਾਲਕ ਪਰਮਜੀਤ ਸਿੰਘ ਨੇ ਪੁੱਛਣ ’ਤੇ ਦੱਸਿਆ ਕਿ ਈ- ਰਿਕਸ਼ਾ ਦੇ ਚਲਾਕ ਵੱਲੋ ਇੱਕਦਮ ਬਰੇਕ ਲਗਾਉਣ ਨਾਲ ਮੇਰਾ ਟਿੱਪਰ ਈ- ਰਿਕਸ਼ਾ ਦੇ ਪਿੱਛੋਂ ਟਕਰਾ ਗਿਆ। ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਜਦੋਂ ਟਿੱਪਰ ਚਾਲਕ ਨਾਲ ਬਿਨਾਂ ਨੰਬਰ ਤੋਂ ਟਿੱਪਰ ਚਲਾਉਣ ਵਾਰੇ ਪੁੱਛਿਆ ਤਾਂ ਉਸ ਨੇ ਕਿਹਾ ਕੇ ਟਿੱਪਰ ਨਵਾਂ ਹੀ ਲਿਆ ਹੈ ਇਸਦਾ ਅਜੇ ਨੰਬਰ ਨਹੀਂ ਆਇਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਟਿੱਪਰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।