Hoshiarpur News : ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅਪ ਪਲਟੀ, 18 ਜ਼ਖ਼ਮੀ, ਤਿੰਨ ਦੀ ਹਾਲਤ ਗੰਭੀਰ
ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਵਿਸਾਖੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ ਗੜ੍ਹਸ਼ੰਕਰ ਨੰਗਲ ਰੋਡ ਤੇ ਪਿੰਡ ਕੋਟ ਦੇ ਘਾਟੇ (ਜੰਗਲ) ਵਿੱਚ ਪਲਟਣ ਨਾਲ 18 ਸ਼ਰਧਾਲੂ ਜ਼ਖ਼ਮੀ ਹੋ ਗਏ।
Publish Date: Wed, 15 Apr 2026 05:41 PM (IST)
Updated Date: Wed, 15 Apr 2026 05:44 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਵਿਸਾਖੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ ਗੜ੍ਹਸ਼ੰਕਰ ਨੰਗਲ ਰੋਡ ਤੇ ਪਿੰਡ ਕੋਟ ਦੇ ਘਾਟੇ (ਜੰਗਲ) ਵਿੱਚ ਪਲਟਣ ਨਾਲ 18 ਸ਼ਰਧਾਲੂ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ 3 ਸ਼ਰਧਾਲੂ ਗੰਭੀਰ ਜ਼ਖ਼ਮੀ ਹੋਣ ਕਾਰਨ ਚੰਡੀਗੜ੍ਹ ਰੈਫਰ ਕਰ ਦਿੱਤੇ ਗਏ।
ਜਦ ਕਿ 15 ਸ਼ਰਧਾਲੂਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਭਰਤੀ ਕਰਵਾਇਆ ਗਿਆ। ਜ਼ਖਮੀਆਂ ਵਿੱਚ ਜ਼ਿਆਦਾਤਰ ਔਰਤਾਂ ਤੇ 2 ਬੱਚੇ ਵੀ ਸ਼ਾਮਲ ਹਨ। ਇਹ ਸ਼ਰਧਾਲੂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹਿੰਦ ਦੇ ਪਿੰਡ ਪਰਮਾਜੀਰ ਦੇ ਦੱਸੇ ਜਾਂਦੇ ਹਨ। ਘਟਨਾ ਦੇਰ ਰਾਤ ਉਸ ਵੇਲੇ ਵਾਪਰੀ ਜਦ ਵਾਪਸੀ ਤੇ ਗੱਡੀ ਕੋਟ ਦੇ ਘਾਟੇ ਵਿੱਚ ਬੇਕਾਬੂ ਹੋ ਕੇ ਪਲਟ ਗਈ। ਘਟਨਾ ਦਾ ਕਾਰਨ ਬ੍ਰੇਕ ਫੇਲ ਦੱਸਿਆ ਜਾਂਦਾ ਹੈ।
ਘਟਨਾ ਮੌਕੇ ਗੱਡੀ ਵਿੱਚ ਔਰਤਾਂ ਤੇ ਬੱਚਿਆਂ ਸਮੇਤ ਕੁੱਲ 20 ਸ਼ਰਧਾਲੂ ਸਵਾਰ ਦੱਸੇ ਜਾਂਦੇ ਹਨ। ਜ਼ਖਮੀਆਂ ਵਿੱਚ ਜਸਵੀਰ ਕੌਰ, ਅਮਰਜੀਤ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਸਾਜਨ ਸਿੰਘ, ਅਵਨੀਤ ਸਿੰਘ, ਬੁੱਧ ਸਿੰਘ, ਸੁਰਿੰਦਰ ਰਾਮ, ਅਰਕੀਤ ਕੌਰ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਦਵਿੰਦਰ ਕੌਰ ਅਤੇ ਪਰਮਜੀਤ ਕੌਰ ਸ਼ਾਮਲ ਹਨ।
ਘਟਨਾ ਦਾ ਪਤਾ ਲੱਗਦੇ ਹੀ ਧਾਰਮਿਕ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਪ੍ਰਧਾਨ ਬਾਬਾ ਕੇਵਲ ਸਿੰਘ ਤੇ ਜਰਨੈਲ ਸਿੰਘ ਨੇ ਸਾਥੀਆਂ ਸਮੇਤ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਤਿੰਨ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ।