Hoshiarpur News : ਸ੍ਰੀ ਖੁਰਾਲਗੜ ਸਾਹਿਬ ਮੱਥਾ ਟੇਕ ਕੇ ਵਾਪਸ ਜਾ ਰਹੇ ਸ਼ਰਧਾਲੂਆਂ ਦੀ ਬੱਸ ਖੱਡ 'ਚ ਡਿੱਗੀ, ਵੱਡਾ ਹਾਦਸਾ ਟਲ਼ਿਆ
ਸ੍ਰੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਜਾ ਰਹੇ ਸ਼ਰਧਾਲੂਆਂ ਦੀ ਬੱਸ ਚੜ੍ਹਾਈ ਚੜ੍ਹਦੇ ਸਮੇਂ ਬ੍ਰੇਕ ਫੇਲ੍ਹ ਹੋਣ ਕਰਕੇ ਡੂੰਗੀ ਖੱਡ ’ਚ ਜਾ ਡਿੱਗੀ।
Publish Date: Mon, 11 May 2026 07:36 PM (IST)
Updated Date: Mon, 11 May 2026 07:40 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸ੍ਰੀ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਜਾ ਰਹੇ ਸ਼ਰਧਾਲੂਆਂ ਦੀ ਬੱਸ ਚੜ੍ਹਾਈ ਚੜ੍ਹਦੇ ਸਮੇਂ ਬ੍ਰੇਕ ਫੇਲ੍ਹ ਹੋਣ ਕਰਕੇ ਡੂੰਗੀ ਖੱਡ ’ਚ ਜਾ ਡਿੱਗੀ।
ਪਿੰਡ ਦੌਲਤਪੁਰ ਫਗਵਾੜੇ ਤੋਂ ਇਕ ਬੱਸ ਨੰਬਰ ਪੀਬੀ 08 ਬੀ 0181 ਸੰਗਤਾਂ ਨਾਲ ਭਰ ਕੇ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਅਤੇ ਮੀਨਾਰੇ ਬੇਗਮਪੁਰਾ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ, ਜਿਸ ’ਚ 55 ਦੇ ਕਰੀਬ ਸਵਾਰੀਆਂ ਸਨ। ਮੱਥਾ ਟੇਕ ਕੇ ਵਾਪਸ ਜਾਣ ਸਮੇਂ ਸ੍ਰੀ ਚਰਨ ਛੋਹ ਗੰਗਾ ਤੋਂ ਚੜਾਈ ਚੜ੍ਹਦੇ ਸਮੇਂ ਗੱਡੀ ਦੀ ਬ੍ਰੇਕ ਫੇਲ ਹੋਣ ਕਰਕੇ ਬੱਸ ਪਿੱਛੇ ਵੱਲ ਆ ਕੇ ਡੂੰਗੀ ਖੱਡ ਵੱਲ ਘੁੰਮ ਗਈ ਤੇ ਪਿਛਲੇ ਟਾਇਰਾਂ ਤੋਂ ਡੂੰਗੀ ਖੱਡ ਵਿਚ ਡਿੱਗ ਪਈ।
ਬੱਸ ਵਿੱਚ 3-4 ਸਵਾਰੀਆਂ ਨੂੰ ਛੱਡ ਕੇ ਬਾਕੀ ਬੱਸ ਖਾਲੀ ਕਰਕੇ ਸਵਾਰੀਆਂ ਨੂੰ ਹੇਠਾਂ ਉਤਾਰਨ ਕਰਕੇ ਭਾਰੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਕ ਔਰਤ, ਇਕ ਚਾਰ ਸਾਲ ਦੀ ਬੱਚੀ ਅਤੇ ਡਰਾਈਵਰ ਸਮੇਤ ਤਿੰਨ ਹੋਰ ਵਿਅਕਤੀ ਬੱਸ ’ਚ ਸਵਾਰ ਸਨ। ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਮੌਕੇ ਤੇ ਹਾਜ਼ਰ ਲੋਕਾਂ ਵਲੋਂ ਉਨਾਂ ਨੂੰ ਬੱਸ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਸ ਮੌਕੇ ਸੰਗਤ ਨਾਲ ਆਏ ਸੁਖਦੇਵ ਰਾਜ ਨੇ ਦੱਸਿਆ ਕਿ ਪਿੰਡ ਦੌਲਤਪੁਰ ਫਗਵਾੜੇ ਤੋਂ ਸੰਗਤ ਸ੍ਰੀ ਖੁਰਾਲਗੜ੍ਹ ਸਹਿਬ ਮੱਥਾ ਟੇਕ ਕੇ ਵਾਪਸ ਜਾ ਰਹੀ ਤਾਂ ਇਹ ਹਾਦਸਾ ਵਾਪਰ ਗਿਆ। ਇਸ ਮੌਕੇ 'ਤੇ ਹਾਜ਼ਰ ਸੰਤ ਸਤਵਿੰਦਰ ਹੀਰਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਨੇ ਮੌਕੇ ’ਤੇ ਪਹੁੰਚ ਕੇ ਸਵਾਰੀਆਂ ਦਾ ਹਾਲ ਚਾਲ ਪੁੱਛਿਆ ਅਤੇ ਕਿਹਾ ਕਿ ਇਹ ਰਸਤਾ ਖਤਰਨਾਕ ਹੈ ਇਥੇ ਪਹਿਲਾਂ ਕਈ ਐਕਸੀਡੈਂਟ ਹੋ ਚੁੱਕੇ ਹਨ।