ਬਾਜਵਾ ਨੇ ਅੱਗੇ ਕਿਹਾ ਕਿ ਆਪ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਟਰਾਲੀਆਂ ਨਾਲ ਇੰਨਾ ਮੋਹ ਪਿਆਰ ਹੈ ਕਿ ਪਹਿਲਾ ਇਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਅਤੇ ਹੁਣ ਇਸ ਸਰਕਾਰ ਦੇ ਮੰਤਰੀ, ਇੱਕ ਹੋਰ ਮੰਤਰੀ ਵੱਲੋਂ ਜ਼ੈਲਦਾਰ ਇਨੋਵੇਸ਼ਨ ਤੋਂ ਖਰੀਦੀ ਟਰਾਲੀ ਦੇ ਪੈਸੇ ਦੇਣ ਦੀ ਥਾਂ ਪਰਿਵਾਰ ਨੂੰ ਧਮਕੀਆਂ ਦੇਣਾ ਸ਼ਰਮਨਾਕ ਵਰਤਾਰਾ ਹੈ।

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ ਦਾ ਧਿਆਨ ਲੋਕ ਸੇਵਾ ਦੀ ਜਗ੍ਹਾ ਕਥਿਤ ਤੌਰ ’ਤੇ ਗੁੰਡਾਗਰਦੀ ਤੇ ਵਸੂਲੀ ਵੱਲ ਵੱਧ ਹੈ, ਜਿਸ ਕਾਰਨ ਚੰਗੇ ਭਲੇ ਲੋਕ ਇਨ੍ਹਾਂ ਤੋਂ ਦੁਖੀ ਹੋ ਕੇ ਜਾਂ ਤਾਂ ਖੁਦਕੁਸ਼ੀ ਕਰ ਰਹੇ ਹਨ ਜਾਂ ਫਿਰ ਪੰਜਾਬ ਛੱਡਣ ਲਈ ਮਜ਼ਬੂਰ ਹਨ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਨੇੜਲੇ ਪਿੰਡ ਹਿਆਤਪੁਰ ਵਿੱਚ ਜ਼ੈਲਦਾਰ ਇਨੋਵੇਸ਼ਨ ਦੇ ਮਾਲਿਕਾਂ ਨੂੰ ਧਮਕਾਉਣ ਵਾਲੇ ਪੰਜਾਬ ਸਰਕਾਰ ਦੇ ਮੰਤਰੀ ਦੇ ਖਿਲਾਫ਼ ਲਾਏ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ ਗਿਆ। ਇਸ ਸਮੇਂ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ, ਜ਼ੈਲਦਾਰ ਇਨੋਵੇਸ਼ਨ ਦੇ ਮਾਲਿਕ ਮਲਕੀਤ ਸਿੰਘ ਵੀ ਉਨ੍ਹਾਂ ਦੇ ਨਾਲ ਮੌਜ਼ੂਦ ਰਹੇ।
ਬਾਜਵਾ ਨੇ ਅੱਗੇ ਕਿਹਾ ਕਿ ਆਪ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਟਰਾਲੀਆਂ ਨਾਲ ਇੰਨਾ ਮੋਹ ਪਿਆਰ ਹੈ ਕਿ ਪਹਿਲਾ ਇਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਅਤੇ ਹੁਣ ਇਸ ਸਰਕਾਰ ਦੇ ਮੰਤਰੀ, ਇੱਕ ਹੋਰ ਮੰਤਰੀ ਵੱਲੋਂ ਜ਼ੈਲਦਾਰ ਇਨੋਵੇਸ਼ਨ ਤੋਂ ਖਰੀਦੀ ਟਰਾਲੀ ਦੇ ਪੈਸੇ ਦੇਣ ਦੀ ਥਾਂ ਪਰਿਵਾਰ ਨੂੰ ਧਮਕੀਆਂ ਦੇਣਾ ਸ਼ਰਮਨਾਕ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੁੱਪ ਦਰਸਾਉਦੀ ਹੈ ਕਿ ਇਹ ਸਭ ਕੁਝ ਉਨ੍ਹਾਂ ਦੀ ਸ਼ਹਿ ਉੱਪਰ ਹੋ ਰਿਹਾ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹਰ ਰੋਜ਼ ਦਾਅਵੇ ਕਰ ਰਹੇ ਹਨ ਕਿ ਦੂਜੇ ਰਾਜਾਂ ਤੇ ਦੇਸ਼ਾਂ ਤੋਂ ਕੰਪਨੀਆਂ ਪੰਜਾਬ ਵਿੱਚ ਇਨਵੈਸਟ ਕਰਨ ਆ ਰਹੀਆਂ ਹਨ ਪਰ ਸੱਚਾਈ ਸਭ ਦੇ ਸਾਹਮਣੇ ਹੈ ਜਿਸ ਵਿੱਚ ਸੂਬੇ ਦੇ ਉਹ ਲੋਕ ਆਪਣੇ ਕੰਮ ਬੰਦ ਕਰਨ ਲਈ ਮਜਬੂਰ ਹੋ ਰਹੇ ਹਨ ਜਿਹੜੇ ਸਾਲਾਨਾ ਕਰੋੜਾਂ ਰੁਪਏ ਦਾ ਟੈਕਸ ਸਰਕਾਰ ਨੂੰ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜੈਲਦਾਰ ਇਨੋਵੇਸ਼ਨ ਦੇ ਮਾਲਕਾਂ ਨਾਲ ਡੱਟ ਕੇ ਖੜ੍ਹੇਗੀ ਅਤੇ ਸਰਕਾਰ ਦੀ ਇਸ ਗੁੰਡਾਗਰਦੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਇਸ ਸਮੇਂ ਸਰਬਜੋਤ ਸਾਬੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਦਾ ਹਰ ਇੱਕ ਕਾਂਗਰਸੀ ਵਰਕਰ ਇਸ ਪਰਿਵਾਰ ਦੇ ਨਾਲ ਖੜ੍ਹਾ ਹੈ ਤੇ ਜਦੋਂ ਵੀ ਪਰਿਵਾਰ ਵੱਲੋਂ ਆਵਾਜ਼ ਦਿੱਤੀ ਜਾਵੇਗੀ ਅਸੀਂ ਇਨ੍ਹਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਸਰਕਾਰ ਖਿਲਾਫ਼ ਸੰਘਰਸ਼ ਲੜਾਂਗੇ। ਸਾਬੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਦੇ ਮੰਤਰੀ ਗੁੰਡਾਗਰਦੀ ਕਰ ਰਹੇ ਹਨ ਦੂਜਾ ਸਾਡੇ ਹਲਕੇ ਨੂੰ ਮਾਈਨਿੰਗ ਮਾਫੀਆ ਦੇ ਗੁੰਡਿਆਂ ਨੇ ਸਰਕਾਰ ਦੀ ਸ਼ਹਿ ਉੱਪਰ ਤਹਿਸ ਨਹਿਸ ਕਰ ਛੱਡਿਆ ਹੈ। ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਹੈ ਬਲਕਿ ਜਾਬਰਾਂ ਦੀ ਸਰਕਾਰ ਹੈ ਜਿਸ ਨੂੰ ਲੁੱਟ ਤੋਂ ਇਲਾਵਾ ਹੋਰ ਕੋਈ ਦੂਸਰਾ ਕੰਮ ਨਹੀਂ ਆਉਦਾ।