ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ, ਡਰਾਈਵਰ ਖ਼ਿਲਾਫ਼ ਮਾਮਲਾ ਦਰਜ
ਸਦਰ ਪੁਲਿਸ ਹੁਸ਼ਿਆਰਪੁਰ ਵੱਲੋਂ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੇ ਮਾਮਲੇ ’ਚ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।
Publish Date: Mon, 01 Jun 2026 12:40 PM (IST)
Updated Date: Mon, 01 Jun 2026 12:44 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਸਦਰ ਪੁਲਿਸ ਹੁਸ਼ਿਆਰਪੁਰ ਵੱਲੋਂ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੇ ਮਾਮਲੇ ’ਚ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।
ਰੇਹੜੀ ਵਾਲੇ ਭਾਣਜੇ ਦੇ ਸਾਹਮਣੇ ਵਾਪਰਿਆ ਭਿਆਨਕ ਹਾਦਸਾ
ਪੁਲਿਸ ਮੁਤਾਬਕ ਈਸ਼ਵਰ ਸ਼ਾਹੂ (ਉਮਰ 45 ਸਾਲ) ਪੁੱਤਰ ਸੁਖਕਰਮਨ ਸ਼ਾਹੂ, ਵਾਸੀ ਪੰਡਰਾਨੀ (ਜ਼ਿਲ੍ਹਾ ਗੁਮਲਾ, ਝਾਰਖੰਡ) ਹਾਲ ਵਾਸੀ ਕੁੰਦਨ ਲਾਲ ਦਾ ਭੱਠਾ, ਆਦਮੋਵਾਲ ਵਿਖੇ ਕਾਫ਼ੀ ਸਮੇਂ ਤੋਂ ਬਤੌਰ ਟ੍ਰੈਕਟਰ ਡਰਾਈਵਰ ਨੌਕਰੀ ਕਰਦਾ ਸੀ।
ਬੀਤੀ 30 ਮਈ ਨੂੰ ਈਸ਼ਵਰ ਸ਼ਾਹੂ ਆਪਣੇ ਮੋਟਰਸਾਈਕਲ ’ਤੇ ਆਪਣੇ ਭਾਣਜੇ ਰੋਹਿਤ ਲੋਹਰਾ, ਜੋ ਜੇ.ਸੀ.ਟੀ. ਫੈਕਟਰੀ ਦੇ ਸਾਹਮਣੇ, ਪੰਚਾਇਤ ਮਾਰਕੀਟ ਚੌਹਾਲ ਦੇ ਨਾਲ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਹੈ, ਦੇ ਵੱਲ ਆ ਰਿਹਾ ਸੀ ਅਤੇ ਆਪਣਾ ਮੋਟਰਸਾਇਕਲ ਰੋਹੜੀ ਵੱਲ ਮੋੜ ਕੇ ਸੜਕ ਕਰਾਸ ਕਰਨ ਲੱਗਾ ਤਾਂ ਚਿੰਤਪੂਰਨੀ ਸਾਈਡ ਵੱਲੋਂ ਆ ਰਹੀ ਇੱਕ ਚਿੱਟੇ ਰੰਗ ਦੀ ਵੈਨਿਊ ਕਾਰ (ਨੰਬਰ ਪੀਬੀ-08-ਈਐਚ-6226) ਦੇ ਡਰਾਈਵਰ ਨੇ ਕਥਿਤ ਤੌਰ ’ਤੇ ਆਪਣੀ ਗੱਡੀ ਬੇਹੱਦ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਮੋਟਰਸਾਈਕਲ ਵਿੱਚ ਸਿੱਧੀ ਟੱਕਰ ਮਾਰ ਦਿੱਤੀ। ਇਹ ਸਾਰਾ ਹਾਦਸਾ ਰੋਹਿਤ ਲੋਹਰਾ ਦੇ ਸਾਹਮਣੇ ਵਾਪਰਿਆ।
ਮੌਕੇ 'ਤੇ ਹੋਈ ਮੌਤ, ਕਾਰ ਚਾਲਕ ਫ਼ਰਾਰ
ਟੱਕਰ ਇੰਨੀ ਜ਼ੋਰਦਾਰ ਸੀ ਕਿ ਈਸ਼ਵਰ ਸ਼ਾਹੂ ਉਛਲ ਕੇ ਸੜਕ ’ਤੇ ਜਾ ਡਿੱਗਿਆ। ਉਸ ਦੇ ਮੱਥੇ ਅਤੇ ਦੋਵਾਂ ਲੱਤਾਂ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਮੁਲਜ਼ਮ ਕਾਰ ਚਾਲਕ ਆਪਣੀ ਗੱਡੀ ਸੜਕ ਦੇ ਸੱਜੇ ਪਾਸੇ ਖੜ੍ਹੀ ਕਰਕੇ ਮੌਕੇ ਤੋਂ ਕਥਿਤ ਤੌਰ ’ਤੇ ਖਿਸਕਣ ਵਿੱਚ ਕਾਮਯਾਬ ਹੋ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਈਸ਼ਵਰ ਸ਼ਾਹੂ ਦੀ ਲਾਸ਼ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡੈੱਡ ਹਾਊਸ (ਮੁਰਦਾਘਰ) ਵਿਖੇ ਰਖਵਾਇਆ ਗਿਆ। ਥਾਣਾ ਸਦਰ ਦੀ ਪੁਲਿਸ ਨੇ ਰੋਹਿਤ ਲੋਹਰਾ ਦੇ ਬਿਆਨਾਂ ਦੇ ਅਧਾਰ ’ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਜਾਨੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਫ਼ਰਾਰ ਡਰਾਈਵਰ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।