ਘੋੜਾ ਟਰਾਲੇ ਦੀ ਟੱਕਰ ਨਾਲ ਬਾਈਕ ਚਾਲਕ ਦੀ ਮੌਤ, ਔਰਤ ਤੇ ਬੱਚਾ ਜ਼ਖ਼ਮੀ
ਮੋਟਰਸਾਈਕਲ ਤੇ ਘੋੜਾ ਟਰਾਲੇ ਦੀ ਭਿਆਨਕ ਟੱਕਰ, ਮੋਟਰਸਾਈਕਲ ਸਵਾਰ ਦੀ ਮੌਤ, ਔਰਤ ਤੇ ਬੱਚਾ ਗੰਭੀਰ ਜਖਮੀ
Publish Date: Sun, 17 May 2026 08:18 PM (IST)
Updated Date: Mon, 18 May 2026 04:15 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ
ਫਿਲੌਰ : ਅੱਜ ਨੈਸ਼ਨਲ ਹਾਈਵੇ ਲੁਧਿਆਣਾ-ਜਲੰਧਰ ਰੋਡ ’ਤੇ ਤਾਊ ਢਾਬੇ ਸਾਹਮਣੇ ਬੱਛੋਵਾਲ ਨੇੜੇ ਇਕ ਮੋਟਰਸਾਈਕਲ ਤੇ ਘੋੜਾ ਟਰਾਲੇ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ ਵਾਸੀ ਲੋਹਾਰਾ, ਗੁਰਬਚਨ ਸਿੰਘ ਕਾਲੋਨੀ (ਲੁਧਿਆਣਾ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੋਟਰਸਾਈਕਲ ’ਤੇ ਸਵਾਰ ਉਸ ਦੀ ਸਾਲੀ ਸੁੱਖੀ ਤੇ ਛੋਟਾ ਬੱਚਾ ਪ੍ਰਭ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਐੱਸਐੱਸਐੱਫ ਟੀਮ ਫਿਲੌਰ ਦੇ ਇੰਚਾਰਜ ਥਾਣੇਦਾਰ ਸਰਬਜੀਤ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਰਾਹਗੀਰ ਦੀ ਸੂਚਨਾ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਮੌਕੇ ਤੋਂ ਘੋੜਾ ਟਰਾਲੇ ਦਾ ਚਾਲਕ ਫ਼ਰਾਰ ਹੋ ਗਿਆ ਹੈ। ਇਸ ਸਬੰਧੀ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਪਰਿਵਾਰ ਦੇ ਬਿਆਨਾਂ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਵਾਰਸਾਂ ਹਵਾਲੇ ਕੀਤਾ ਜਾਵੇਗਾ।