ਹੁਸ਼ਿਆਰਪੁਰ-ਜਲੰਧਰ ਮਾਰਗ 'ਤੇ ਤੇਜ਼ ਰਫ਼ਤਾਰ ਬੱਸ ਨੇ ਨੌਜਵਾਨ ਨੂੰ ਦੂਰ ਤੱਕ ਘਸੀਟਿਆ, ਮੌਕੇ 'ਤੇ ਨਿਕਲੀ ਜਾਨ
ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ 'ਤੇ ਪਿੰਡ ਚੱਕਗੁੱਜਰਾਂ ਦੇ ਨੇੜੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਭਗਤ ਰਾਮ, ਵਾਸੀ ਕੀਰਤੀ ਨਗਰ, ਹੁਸ਼ਿਆਰਪੁਰ ਵਜੋਂ ਹੋਈ ਹੈ।
Publish Date: Fri, 13 Mar 2026 03:59 PM (IST)
Updated Date: Fri, 13 Mar 2026 04:44 PM (IST)

ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ : ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ 'ਤੇ ਪਿੰਡ ਚੱਕਗੁੱਜਰਾਂ ਦੇ ਨੇੜੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਐਕਟਿਵਾ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਭਗਤ ਰਾਮ, ਵਾਸੀ ਕੀਰਤੀ ਨਗਰ, ਹੁਸ਼ਿਆਰਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 9 ਵਜੇ ਦੋਆਬਾ ਕੰਪਨੀ ਦੀ ਬੱਸ (ਨੰਬਰ PB07 AS 8799) ਜਲੰਧਰ ਵੱਲ ਜਾ ਰਹੀ ਸੀ। ਜਦੋਂ ਇਹ ਬੱਸ ਚੱਕਗੁੱਜਰਾਂ ਸਥਿਤ ਭਾਰਤ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀ, ਤਾਂ ਇਸ ਨੇ ਸਾਹਮਣੇ ਤੋਂ ਆ ਰਹੀ ਐਕਟਿਵਾ (ਨੰਬਰ PB07 AB 0918) ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਐਕਟਿਵਾ ਸਵਾਰ ਰੇਸ਼ਮ ਸਿੰਘ ਨੂੰ ਕਾਫੀ ਦੂਰ ਤੱਕ ਘਸੀਟਦੀ ਲੈ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਜਾਨ ਚਲੀ ਗਈ। ਹਾਦਸੇ ਤੋਂ ਤੁਰੰਤ ਬਾਅਦ ਬੱਸ ਡਰਾਈਵਰ ਮੌਕੇ 'ਤੇ ਬੱਸ ਛੱਡ ਕੇ ਫ਼ਰਾਰ ਹੋ ਗਿਆ।
ਪਰਿਵਾਰ ਵੱਲੋਂ ਲਗਾਇਆ ਗਿਆ ਜਾਮ
ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਰੋਸ ਵਜੋਂ ਉਨ੍ਹਾਂ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੁਲਿਸ ਦੀ ਕਾਰਵਾਈ
ਸਥਿਤੀ ਨੂੰ ਦੇਖਦੇ ਹੋਏ ਪਹਿਲਾਂ ਨਸਰਾਲਾ ਪੁਲਿਸ ਅਤੇ ਬਾਅਦ ਵਿੱਚ ਥਾਣਾ ਬੁੱਲੋਵਾਲ ਦੇ ਐਸ.ਐਚ.ਓ. ਪਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਜਾਮ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ। ਬਾਅਦ ਵਿੱਚ ਦੋਆਬਾ ਬੱਸ ਕੰਪਨੀ ਦੇ ਇੰਸਪੈਕਟਰ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਨੂੰ ਉਚਿਤ ਕਾਰਵਾਈ ਅਤੇ ਇਨਸਾਫ਼ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਦੁਪਹਿਰ 1 ਵਜੇ ਦੇ ਕਰੀਬ ਜਾਮ ਖੋਲ੍ਹਿਆ ਗਿਆ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।