ਈਰਾਨ ਨੇ ਅਮਰੀਕੀ ਜੰਗੀ

ਈਰਾਨ ਨੇ ਅਮਰੀਕੀ ਜੰਗੀ ਬੇੜੇ ’ਤੇ ਦਾਗੀਆਂ ਮਿਜ਼ਾਈਲਾਂ-ਡ੍ਰੋਨ
ਅਮਰੀਕਾ ਨੇ ਡੋਬੀਆਂ ਸੱਤ ਈਰਾਨੀ ਫ਼ੌਜੀ ਕਿਸ਼ਤੀਆਂ
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪੱਛਮੀ ਏਸ਼ੀਆ ’ਚ ਸੋਮਵਾਰ ਨੂੰ ਇਕ ਵਾਰ ਫਿਰ ਜੰਗ ਦੇ ਹਾਲਾਤ ਬਣਨ ਲੱਗੇ ਹਨ। ਹੋਰਮੁਜ਼ ’ਚ ਪਿਛਲੇ ਦੋ ਮਹੀਨਿਆਂ ਤੋਂ ਅਟਕੇ ਪਏ ਮਾਲਵਾਹਕ ਜਹਾਜ਼ਾਂ ਨੂੰ ਸੁਰੱਖਿਅਤ ਕੱਢਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਾਜੈਕਟ ਫ੍ਰੀਡਮ ਦਾ ਐਲਾਨ ਕੀਤਾ। ਇਸ ਦੇ ਵਿਰੋਧ ’ਚ ਈਰਾਨ ਨੇ ਡ੍ਰੋਨ ਤੇ ਮਿਜ਼ਾਈਲਾਂ ਨਾਲ ਹਮਲੇ ਸ਼ੁਰੂ ਕਰ ਦਿੱਤੇ। ਈਰਾਨ ਦੇ ਡ੍ਰੋਨ ਹਮਲੇ ’ਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਫੁਜੈਰਾਹ ਸਥਿਤ ਇਕ ਤੇਲ ਟਿਕਾਣੇ ’ਤੇ ਅੱਗ ਲੱਗ ਗਈ, ਜਿਸ ’ਚ ਤਿੰਨ ਭਾਰਤੀ ਨਾਗਰਿਕਾਂ ਦੇ ਵੀ ਜ਼ਖ਼ਮੀ ਹੋਣ ਦੀ ਖਬਰ ਹੈ। ਯੂਏਈ ਨੇ ਦਾਅਵਾ ਕੀਤਾ ਕਿ ਸੱਤ ਅਪ੍ਰੈਲ ਨੂੰ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਈਰਾਨ ਨੇ ਡ੍ਰੋਨ ਤੇ ਮਿਜ਼ਾਈਲ ਹਮਲੇ ਕੀਤੇ। ਈਰਾਨ ਦੇ ਮਿਜ਼ਾਈਲ ਹਮਲੇ ’ਚ ਦੱਖਣੀ ਕੋਰੀਆ ਦੇ ਤੇਲ ਟੈਂਕਰ ਸਮੇਤ ਦੋ ਜਹਾਜ਼ਾਂ ’ਚ ਅੱਗ ਲੱਗ ਗਈ। ਈਰਾਨ ਨੇ ਦਾਅਵਾ ਕੀਤਾ ਕਿ ਹੋਰਮੁਜ਼ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ ਅਮਰੀਕੀ ਸੈਂਟਰਲ ਕਮਾਂਡ (ਸੇਂਟਕਾਮ) ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ। ਸੇਂਟਕਾਮ ਨੇ ਦੱਸਿਆ ਕਿ ਪ੍ਰਾਜੈਕਟ ਫ੍ਰੀਡਮ ਦੇ ਤਹਿਤ ਜਲ ਸੈਨਾ ਨੇ ਸੋਮਵਾਰ ਨੂੰ ਹੋਰਮੁਜ਼ ਸਟ੍ਰੇਟ ’ਚ ਫਸੇ ਮਾਲਵਾਹਕ ਜਹਾਜ਼ਾਂ ਨੂੰ ਕੱਢਣ ਲਈ ਇਕ ਸੁਰੱਖਿਅਤ ਗਲਿਆਰਾ ਤਿਆਰ ਕੀਤਾ ਹੈ, ਜਿਥੇ ਈਰਾਨੀ ਸਮੁੰਦਰੀ ਮਾਈਨਜ਼ ਦਾ ਖਤਰਾ ਨਹੀਂ ਹੈ। ਇਸ ਦੌਰਾਨ ਅਮਰੀਕੀ ਝੰਡਾ ਲੱਗੇ ਦੋ ਮਾਲਵਾਹਕ ਜਹਾਜ਼ਾਂ ਨੂੰ ਹੋਰਮੁਜ਼ ਤੋਂ ਕੱਢ ਲਿਆ ਗਿਆ। ਮੁਹਿੰਮ ਦੌਰਾਨ ਈਰਾਨ ਦੀਆਂ ਹਮਲਾਵਰ ਕਿਸ਼ਤੀਆਂ ਨੇ ਅਮਰੀਕੀ ਜੰਗੀ ਬੇੜਿਆਂ ’ਤੇ ਹਮਲਾ ਕੀਤਾ। ਜਵਾਬ ’ਚ ਸੱਤ ਫ਼ੌਜੀ ਕਿਸ਼ਤੀਆਂ ਨੂੰ ਡੋਬ ਦਿੱਤਾ ਗਿਆ। ਈਰਾਨ ਵੱਲੋਂ ਦਾਗੀਆਂ ਗਈਆਂ ਕਰੂਜ਼ ਮਿਜ਼ਾਈਲਾਂ ਤੇ ਡ੍ਰੋਨ ਨੂੰ ਵੀ ਇੰਟਰਸੈਪਟ ਕਰ ਲਿਆ ਗਿਆ।
ਨਿਊਯਾਰਕ ਟਾਈਮਜ਼ ਅਨੁਸਾਰ ਟਰੰਪ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਸੀ ਪ੍ਰਾਜੈਕਟ ਫ੍ਰੀਡਮ ਦੇ ਤਹਿਤ ਅਮਰੀਕੀ ਜਲ ਸੈਨਾ ਮਨੁੱਖਤਾ ਦੇ ਆਧਾਰ ’ਤੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਮਾਰਗਦਰਸ਼ਨ ਦੇਵੇਗੀ। ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਸ ਦੌਰਾਨ ਜੇ ਰੁਕਾਵਟ ਪਾਈ ਗਈ ਤਾਂ ਉਸ ਨਾਲ ਸਖ਼ਤਾਈ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਈ ਦੇਸ਼ਾਂ ਨੇ ਆਪਣੇ ਜਹਾਜ਼ਾਂ ਦੀ ਨਿਕਾਸੀ ਲਈ ਅਮਰੀਕਾ ਤੋਂ ਮਦਦ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਫਸੇ ਜਹਾਜ਼ਾਂ ’ਤੇ ਸਵਾਰ ਚਾਲਕ ਦਲ ਦੇ ਸਾਹਮਣੇ ਖੁਰਾਕ ਤੇ ਜ਼ਰੂਰੀ ਸਾਮਾਨ ਦੀ ਕਮੀ ਗੰਭੀਰ ਹੁੰਦੀ ਜਾ ਰਹੀ ਹੈ।
ਹਾਲਾਂਕਿ ਸੇਂਟਕਾਮ ਨੇ ਸੰਕੇਤ ਦਿੱਤਾ ਕਿ ਅਮਰੀਕਾ ਸਿੱਧਾ ਸੁਰੱਖਿਆ ਦੇਣ ਦੀ ਬਜਾਇ ਸਿਰਫ ਤਾਲਮੇਲ ਕਰੇਗਾ। ਇਸ ਮੁਹਿੰਮ ’ਚ ਗਾਈਡਿਡ ਮਿਜ਼ਾਈਲ ਡੇਸਟ੍ਰਾਇਰ, ਜ਼ਮੀਨ ਤੇ ਸਮੁੰਦਰ ਆਧਾਰਿਤ ਲਗਪਗ 100 ਜਹਾਜ਼ ਤੇ ਡ੍ਰੋਨ ਤੇ 15 ਹਜ਼ਾਰ ਫ਼ੌਜੀ ਸ਼ਾਮਲ ਹਨ।
ਇਕ ਹੋਰ ਈਰਾਨੀ ਜਹਾਜ਼ ਨੇ ਪਾਰ ਕੀਤੀ ਨਾਕੇਬੰਦੀ
ਏਪੀ ਅਨੁਸਾਰ ਅਮਰੀਕੀ ਜਲ ਸੈਨਿਕ ਨਾਕੇਬੰਦੀ ਦੇ ਬਾਵਜੂਦ ਈਰਾਨ ਦਾ ਇਕ ਹੋਰ ਤੇਲ ਸੁਪਰ ਟੈਂਕਰ ਹੋਰਮੁਜ਼ ਤੋਂ ਨਿਕਲਣ ’ਚ ਸਫਲ ਹੋ ਗਿਆ। ਟੈਂਕਰ ਟ੍ਰੈਕਰਜ਼ ਨੇ ਵੀ ਐਕਸ ’ਤੇ ਇਸ ਦੀ ਪੁਸ਼ਟੀ ਕੀਤੀ ਹੈ। ਡੇਰਯਾ ਨਾਮ ਦਾ ਸੁਪਰ ਟੈਂਕਰ ਇੰਡੋਨੇਸ਼ੀਆ ਦੇ ਲੋਂਬੋਕ ਸਟ੍ਰੇਟ ਨੂੰ ਪਾਰ ਕਰ ਗਿਆ ਹੈ। ਅੰਕੜਿਆਂ ਅਨੁਸਾਰ ਅਪ੍ਰੈਲ ’ਚ ਲਗਪਗ 25 ਤੇਲ ਟੈਂਕਰਾਂ ਨੇ ਅਮਰੀਕੀ ਜਲ ਸੈਨਿਕਾਂ ਦੀ ਨਾਕੇਬੰਦੀ ਨੂੰ ਧੋਖਾ ਦਿੱਤਾ ਹੈ, ਜਦਕਿ ਸਿਰਫ ਦੋ ਟੈਂਕਰ ਅਮਰੀਕੀ ਦਸਤਿਆਂ ਦੇ ਕਬਜ਼ੇ ’ਚ ਆਏ।
ਯੂਏਈ ’ਤੇ ਈਰਾਨੀ ਹਮਲਿਆਂ ’ਚ ਤਿੰਨ ਭਾਰਤੀ ਜ਼ਖ਼ਮੀ
ਯੂਏਈ ਦੇ ਫੁਜੈਰਾਹ ਸਥਿਤ ਫੁਜੈਰਾਹ ਪੈਟ੍ਰੋਲੀਅਮ ਇੰਡਸਟ੍ਰੀਅਲ ਜ਼ੋਨ ’ਤੇ ਈਰਾਨੀ ਡ੍ਰੋਨ ਹਮਲੇ ਕਾਰਨ ਅੱਗ ਲੱਗ ਗਈ। ਇਸ ’ਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ। ਫੁਜੈਰਾਹ ਸਿਵਲ ਡਿਫੈਂਸ ਦੇ ਮੈਂਬਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ ’ਤੇ ਕਾਬੂ ਪਾਇਆ। ਖਲੀਜ਼ ਟਾਈਮਜ਼ ਅਨੁਸਾਰ ਜ਼ਖ਼ਮੀ ਹੋਏ ਤਿੰਨੋਂ ਭਾਰਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਯੂਏਈ ਦੇ ਰੱਖਿਆ ਮੰਤਰਾਲਾ ਨੇ ਐਕਸ ’ਤੇ ਦੱਸਿਆ ਕਿ ਈਰਾਨ ਨੇ ਵੱਖ-ਵੱਖ ਹਿੱਸਿਆਂ ’ਚ ਚਾਰ ਮਿਜ਼ਾਈਲ ਹਮਲੇ ਕੀਤੇ। ਤਿੰਨ ਨੂੰ ਇੰਟਰਸੈਪਟ ਕਰ ਲਿਆ ਗਿਆ, ਜਦਕਿ ਇਕ ਮਿਜ਼ਾਈਲ ਸਮੁੰਦਰ ’ਚ ਡਿੱਗ ਗਈ। ਮੰਤਰਾਲਾ ਨੇ ਨਾਗਰਿਕਾਂ ਨੂੰ ਵੱਧ ਸਾਵਧਾਨੀ ਵਰਤਨ ਦੀ ਅਪੀਲ ਕੀਤੀ ਹੈ।