ਨਿੱਜੀ ਹਸਪਤਾਲ ’ਚ ਪਿਆਰ ਦੇ ਚੱਕਰ 'ਚ ਗੁੰਡਾਗਰਦੀ, ਮਰੀਜ਼ਾਂ ’ਚ ਦਹਿਸ਼ਤ
ਸੁਖਵਿੰਦਰ ਬੱਗਾ, ਜਾਗਰਣ, ਜਲੰਧਰ
Publish Date: Thu, 21 May 2026 01:11 AM (IST)
Updated Date: Thu, 21 May 2026 01:13 AM (IST)
ਸੁਖਵਿੰਦਰ ਬੱਗਾ, ਜਾਗਰਣ, ਜਲੰਧਰ : ਪਠਾਨਕੋਟ ਚੌਕ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਇਕ ਸਿਰਫਿਰੇ ਨੇ ਆਪਣੀ ਪ੍ਰੇਮਿਕਾ ਦੇ ਦੀਦਾਰ ਲਈ ਆਈਸੀਯੂ ਦੇ ਬਾਹਰ ਹੰਗਾਮਾ ਕੀਤਾ। ਜਦੋਂ ਆਈਸੀਯੂ ਦਾ ਦਰਵਾਜ਼ਾ ਨਹੀਂ ਖੁੱਲ੍ਹਾਂ ਤਾਂ ਉਸ ਨੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਕਾਰਨ ਆਈਸੀਯੂ ’ਚ ਦਾਖਲ ਮਰੀਜ਼ ਡਰ ਗਏ ਤੇ ਹਸਪਤਾਲ ਵਿਚ ਦਹਿਸ਼ਤ ਫੈਲ ਗਈ। ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਪੀਸੀਆਰ 16 ਦੀ ਟੀਮ ਦੇ ਏਐੱਸਆਈ ਸ਼ਵਿੰਦਰ ਸਿੰਘ ਤੇ ਏਐੱਸਆਈ ਗੁਰਵਿੰਦਰ ਸਿੰਘ ਮੌਕੇ 'ਤੇ ਪੁੱਜੇ ਪਰ ਉਦੋਂ ਤੱਕ ਸਿਰਫਿਰਾ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਚੁੱਕਾ ਸੀ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਲੜਕੀ ਨੇ ਦੱਸਿਆ ਕਿ ਉਸ ਦੀ ਇਕ ਸੇਵਾਮੁਕਤ ਫੌਜੀ ਨਾਲ ਦੋਸਤੀ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਵਿਆਹਿਆ ਹੋਇਆ ਹੈ ਤਾਂ ਉਸ ਨੇ ਉਸ ਨੂੰ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਉਹ ਉਸ ਨੂੰ ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਮੇਂ ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਸਕੇ।