ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨੇ
ਸਰਕਾਰੀ ਸਕੂਲ ਦੁਸਾਂਝ ਕਲਾਂ ਵਿਖੇ ਸਨਮਾਨ ਸਮਾਰੋਹ ਕਰਵਾਇਆ
Publish Date: Mon, 04 May 2026 06:21 PM (IST)
Updated Date: Mon, 04 May 2026 06:23 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਦੁਸਾਂਝ ਕਲਾਂ (ਲੜਕੀਆਂ), ਬਲਾਕ ਗੁਰਾਇਆ-2 (ਜਲੰਧਰ) ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਤੇ ਵਿਦਿਅਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਾਲ 2025-26 ਦਾ ਸਾਲਾਨਾ ਇਨਾਮ ਵੰਡ ਸਮਾਗਮ ਵੀ ਕਰਵਾਇਆ। ਸਮਾਗਮ ਦੌਰਾਨ ਪੜ੍ਹਾਈ ਤੇ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈੱਡ ਟੀਚਰ ਵਿਕਾਸ ਮੋਹਨ ਵੱਲੋਂ ਪੁੱਜੇ ਮਹਿਮਾਨਾਂ ਤੇ ਪਿੰਡ ਵਾਸੀਆਂ ਦਾ ਸਵਾਗਤ ਕੀਤਾ ਗਿਆ। ਪਿੰਡ ਦੇ ਸਰਪੰਚ ਨਿਰਮਲ ਕੁਮਾਰ ਨਵੀਂ ਵੱਲੋਂ ਸਕੂਲ ਲਈ 5 ਹਜ਼ਾਰ ਰੁਪਏ ਦੀ ਨਗਦ ਸਹਾਇਤਾ ਭੇਂਟ ਕੀਤੀ ਗਈ। ਇਸ ਤੋਂ ਇਲਾਵਾ ਐੱਨਆਰਆਈ ਵੀਰਾਂ ਤੇ ਸਮਾਜ ਸੇਵੀ ਸੰਸਥਾਵਾਂ ਡਾ. ਬੀ.ਆਰ. ਅੰਬੇਡਕਰ ਐਂਡ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਵੀ ਸਕੂਲ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਤੇ ਨਵੇਂ ਸੈਸ਼ਨ 2026-27 ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਦਾਨੀ ਸੱਜਣਾਂ ਜਿਵੇਂ ਮੱਖਣ ਸਿੰਘ, ਸ਼ੁਵਿੰਦਰ ਕੌਰ, ਅਮਰਜੀਤ ਕੌਰ ਰੰਧਾਵਾ, ਕੁਲਦੀਪ ਮੱਟੂ, ਬਲਜੀਤ ਕੌਰ ਨਾਗਰਾ, ਸੁਖਜੀਤ ਦੁਸਾਂਝ ਤੇ ਨਾਇਲਾ ਦੁਸਾਂਝ (ਇੰਗਲੈਂਡ) ਵੱਲੋਂ ਵੀ ਆਰਥਿਕ ਯੋਗਦਾਨ ਦਿੱਤਾ ਗਿਆ। ਉਨ੍ਹਾਂ ਨੂੰ ਸਕੂਲ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਦਵਿੰਦਰ ਸਿੰਘ ਖਾਲਸਾ, ਤਾਹਿਰ ਖਾਨ ਤੇ ਰਾਣਾ ਦੁਸਾਂਝ ਵੱਲੋਂ ਚਾਹ ਦੇ ਲੰਗਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਮੁੱਖ ਅਧਿਆਪਕ ਵਿਕਾਸ ਮੋਹਨ, ਸਰਪੰਚ ਨਿਰਮਲ ਕੁਮਾਰ ਨਵੀਂ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਪਰਵੀਨ ਕੌਰ ਹਾਜ਼ਰ ਸਨ।