ਔਰਤ ਨਾਲ ਨਜ਼ਦੀਕੀਆਂ ਵਧਾ

ਔਰਤ ਨਾਲ ਨਜ਼ਦੀਕੀਆਂ ਵਧਾ ਕੇ ਹੋਟਲ ’ਚ ਸੱਦਿਆ, ਇਤਰਾਜ਼ਯੋਗ ਵੀਡੀਓ ਬਣਾ ਕੇ ਕੀਤਾ ਬਲੈਕਮੇਲ
ਸੁਕਰਾਂਤ, ਜਾਗਰਣ, ਜਲੰਧਰ : ਮਹਾਨਗਰ ’ਚ ਹਨੀ ਟ੍ਰੈਪ ਦੇ ਮਾਮਲਿਆਂ ’ਚ ਆਮ ਤੌਰ 'ਤੇ ਲੜਕੀਆਂ ਜਾਂ ਔਰਤਾਂ ਵੱਲੋਂ ਵਿਅਕਤੀਆਂ ਤੋਂ ਪੈਸੇ ਠੱਗਣ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਪਰ ਹੁਣ ਇਕ ਅਜਿਹਾ ਹਨੀ ਟ੍ਰੈਪ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਮਰਦ ਨੇ ਖੁਦ ਨੂੰ ਐੱਨਆਰਆਈ ਦੱਸ ਕੇ ਇਕ ਔਰਤ ਨੂੰ ਸ਼ਿਕਾਰ ਬਣਾਇਆ। ਉਸ ਨੌਜਵਾਨ ਨੇ ਫੇਸਬੁੱਕ ਜ਼ਰੀਏ ਔਰਤ ਨਾਲ ਦੋਸਤੀ ਕੀਤੀ, ਉਸ ਦਾ ਭਰੋਸਾ ਜਿੱਤਿਆ ਤੇ ਫਿਰ ਉਸਨੂੰ ਬਲੈਕਮੇਲ ਕਰਕੇ ਲਗਪਗ ਨੌਂ ਲੱਖ ਰੁਪਏ ਠੱਗ ਲਏ।
ਮੁਲਜ਼ਮ ਨੌਜਵਾਨ ਨੇ ਫੇਸਬੁੱਕ ’ਤੇ ਇਕ ਫਰਜ਼ੀ ਪ੍ਰੋਫਾਈਲ ਬਣਾ ਕੇ ਔਰਤ ਨਾਲ ਸੰਪਰਕ ਕੀਤਾ। ਉਸ ਨੇ ਖੁਦ ਨੂੰ ਐੱਨਆਰਆਈ ਦੱਸਿਆ ਤੇ ਹੌਲੀ-ਹੌਲੀ ਔਰਤ ਨਾਲ ਗੱਲਬਾਤ ਵਧਾਈ। ਕੁਝ ਸਮੇਂ ਬਾਅਦ ਦੋਵਾਂ ’ਚ ਨਜ਼ਦੀਕੀਆਂ ਵਧ ਗਈਆਂ ਤੇ ਮੁਲਜ਼ਮ ਨੇ ਔਰਤ ਨੂੰ ਮਿਲਣ ਲਈ ਇਕ ਹੋਟਲ ਵਿਚ ਸੱਦਿਆ। ਮੁਲਾਕਾਤ ਦੌਰਾਨ ਮੁਲਜ਼ਮ ਨੇ ਚਲਾਕੀ ਨਾਲ ਔਰਤ ਦੀ ਇਤਰਾਜ਼ਯੋਗ ਵੀਡੀਓ ਬਣਾਈ। ਇਸ ਤੋਂ ਬਾਅਦ ਉਸ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਔਰਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਡਰ ਕਾਰਨ ਔਰਤ ਨੇ ਕਈ ਹਿੱਸਿਆਂ ’ਚ ਕੁੱਲ ਨੌ ਲੱਖ ਰੁਪਏ ਮੁਲਜ਼ਮ ਨੂੰ ਦਿੱਤੇ। ਜਦੋਂ ਉਸ ਨੇ ਹੋਰ ਪੈਸੇ ਮੰਗੇ ਤਾਂ ਔਰਤ ਨੇ ਹਿੰਮਤ ਜੁਟਾਈ ਤੇ ਆਪਣੇ ਪਰਿਵਾਰ ਨੂੰ ਪੂਰੀ ਗੱਲ ਦੱਸ ਦਿੱਤੀ ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਦੇ ਰਿਕਾਰਡ ਮੁਤਾਬਕ ਪਹਿਲਾਂ ਅਜਿਹੇ ਮਾਮਲਿਆਂ ’ਚ ਜ਼ਿਆਦਾਤਰ ਮਰਦ ਸ਼ਿਕਾਰ ਬਣਦੇ ਸਨ ਪਰ ਹੁਣ ਔਰਤਾਂ ਵੀ ਨਿਸ਼ਾਨੇ 'ਤੇ ਆ ਰਹੀਆਂ ਹਨ।
---
ਤੋਹਫ਼ਾ ਭੇਜਣ ਦੇ ਨਾਂ ’ਤੇ ਕਸਟਮ ਚਾਰਜ ਦੇ ਬਹਾਨੇ ਠੱਗਿਆ
ਕੇਸ 1 : ਹਾਲ ਹੀ ’ਚ ਦਿਹਾਤੀ ਇਲਾਕੇ ’ਚ ਰਹਿਣ ਵਾਲੀ ਇਕ ਔਰਤ ਨੂੰ ਇੰਸਟਾਗ੍ਰਾਮ 'ਤੇ ਦੋਸਤੀ ਦੇ ਬਾਅਦ ਗਿਫਟ ਭੇਜਣ ਦੇ ਨਾਂ ’ਤੇ ਕਸਟਮ ਚਾਰਜ ਦੇ ਬਹਾਨੇ ਠੱਗਿਆ ਗਿਆ। ਔਰਤ ਦੇ ਇੰਸਟਾਗ੍ਰਾਮ ’ਤੇ ਇਕ ਕੈਨੇਡੀਅਨ ਪ੍ਰੋਫਾਈਲ ਰਾਹੀਂ ਦੋਸਤ ਬਣਿਆ। ਨੌਜਵਾਨ ਨੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਔਰਤ ਦਾ ਵਿਸ਼ਵਾਸ ਜਿੱਤਿਆ ਤੇ ਫਿਰ ਉਸਨੂੰ ਵੀ ਕੈਨੇਡਾ ’ਚ ਸੈਟਲ ਕਰਨ ਦੀ ਗੱਲ ਕਹੀ। ਔਰਤ ਉਸ ਦੀਆਂ ਗੱਲਾਂ ’ਚ ਆ ਗਈ। ਇਸ ਤੋਂ ਬਾਅਦ ਉਸ ਨੇ ਮਹਿੰਗੇ ਗਿਫਟ ਭੇਜਣ ਦੀ ਗੱਲ ਕੀਤੀ ਤੇ ਫਿਰ ਕਸਟਮ ’ਚ ਫਸਣ ਦੀ ਗੱਲ ਕਰਕੇ ਉਸ ਤੋਂ ਲਗਪਗ 50 ਹਜ਼ਾਰ ਰੁਪਏ ਆਪਣੇ ਖਾਤੇ ’ਚ ਟ੍ਰਾਂਸਫਰ ਕਰਵਾ ਲਏ।
---
ਕਾਲਜ ਵਿਦਿਆਰਥਣ ਨੂੰ ਫਸਾ ਕੇ ਪੈਸੇ ਠੱਗੇ
ਕੇਸ 2 : ਜਲੰਧਰ ਦੀ ਇਕ ਕਾਲਜ ਦੀ ਵਿਦਿਆਰਥਣ ਨੂੰ ਫੇਸਬੁੱਕ ਫ੍ਰੈਂਡ ਨੇ ਫਸਾਇਆ। ਉਸ ਨਾਲ ਵੀਡੀਓ ਕਾਲ ’ਤੇ ਗੱਲ ਕਰਦਾ ਰਿਹਾ ਤੇ ਫਿਰ ਇਕ ਵੀਡੀਓ ਕਾਲ ਦੌਰਾਨ ਇਤਰਾਜ਼ਯੋਗ ਰਿਕਾਰਡਿੰਗ ਕਰ ਕੇ ਬਲੈਕਮੇਲ ਕੀਤਾ ਗਿਆ ਤੇ ਉਸ ਕੋਲੋਂ ਹਜ਼ਾਰਾਂ ਰੁਪਏ ਠੱਗ ਲਏ।
---
ਵਿਦੇਸ਼ੀ ਲਾੜੇ ਦੀ ਭਾਲ ’ਚ ਗੁਆਈ ਜਮ੍ਹਾਂ ਪੂੰਜੀ
ਕੇਸ 3 : ਜਲੰਧਰ ਦੀ ਇਕ ਔਰਤ ਨੂੰ ਵਿਦੇਸ਼ੀ ਲਾੜੇ ਨਾਲ ਵਿਆਹ ਕਰਵਾਉਣਾ ਚਾਹੀਦੀ ਸੀ। ਉਸ ਨੇ ਇੰਟਰਨੈੱਟ 'ਤੇ ਭਾਲ ਕੀਤੀ ਤੇ ਇਕ ਐੱਨਆਰਆਈ ਨਾਲ ਗੱਲਬਾਤ ਸ਼ੁਰੂ ਕੀਤੀ। ਗੱਲਬਾਤ ਦੋਸਤੀ ’ਚ ਬਦਲੀ ਤੇ ਫਿਰ ਵਿਆਹ ਦਾ ਪ੍ਰਸਤਾਵ ਮਿਲਿਆ। ਪੂਰੇ ਪਰਿਵਾਰ ਨੂੰ ਵਿਦੇਸ਼ ਵਿਚ ਸੈਟਲ ਕਰਨ ਦੀ ਗੱਲ ਕੀਤੀ ਗਈ। ਇਸ ਤੋਂ ਬਾਅਦ ਔਰਤ ਦੀ ਸਾਰੀ ਸੇਵਿੰਗ ਉਸ ਵਿਅਕਤੀ ਨੇ ਭਰੋਸੇ ’ਚ ਲੈ ਕੇ ਆਪਣੇ ਖਾਤੇ ਵਿਚ ਪਾ ਲਈ ਪਰ ਨਾ ਤਾਂ ਵਿਆਹ ਹੋਇਆ ਅਤੇ ਨਾ ਹੀ ਵਿਦੇਸ਼ ’ਚ ਲੈ ਜਾਣ ਦਾ ਵਾਅਦਾ ਪੂਰਾ ਹੋਇਆ।
---
ਇਸ ਤਰ੍ਹਾਂ ਔਰਤਾਂ ਨੂੰ ਫਸਾਉਂਦੇ ਨੇ ਸਾਈਬਰ ਠੱਗ
ਹਨੀ ਟ੍ਰੈਪ ’ਚ ਫਸਾਉਣ ਲਈ ਸਾਈਬਰ ਠੱਗ ਫਰਜ਼ੀ ਪ੍ਰੋਫਾਈਲ ਤਿਆਰ ਕਰਕੇ ਅਜਿਹੀਆਂ ਔਰਤਾਂ ਦੀ ਭਾਲ ਕਰਦੇ ਹਨ ਜੋ ਵਿਦੇਸ਼ੀ ਲਾੜੇ ਨਾਲ ਵਿਆਹ ਕਰਨ ਜਾਂ ਵਿਦੇਸ਼ ’ਚ ਸੈਟਲ ਹੋਣ ਦਾ ਸੁਪਨਾ ਦੇਖਦੀਆਂ ਹਨ। ਠੱਗ ਆਕਰਸ਼ਕ ਫੋਟੋਆਂ ਤੇ ਝੂਠੀ ਪਛਾਣ ਨਾਲ ਇੰਟਰਨੈੱਟ ਮੀਡੀਆ 'ਤੇ ਖਾਤੇ ਬਣਾਉਂਦੇ ਹਨ। ਇਸ ਤੋਂ ਬਾਅਦ ਦੋਸਤੀ ਤੇ ਭਾਵਨਾਤਮਕ ਜੁੜਾਅ ਨਾਲ ਆਪਣੇ ਵੱਲ ਖਿੱਚਦੇ ਹਨ ਤੇ ਗੱਲਬਾਤ ਕਰਕੇ ਵਿਸ਼ਵਾਸ ਜਿੱਤਦੇ ਹਨ। ਇਸ ਤੋਂ ਬਾਅਦ ਰਿਕਾਰਡਿੰਗ ਤੇ ਬਲੈਕਮੇਲ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇਤਰਾਜ਼ਯੋਗ ਫੋਟੋ ਜਾਂ ਵੀਡੀਓ ਬਣਾ ਕੇ ਬਲੈਕਮੇਲ ਕਰਕੇ ਪੈਸੇ ਠੱਗੇ ਜਾਂਦੇ ਹਨ।
---
ਇਨ੍ਹਾਂ ਸਾਵਧਾਨੀਆਂ ਨਾਲ ਕਰੋ ਬਚਾਅ
ਇਸ ਤਰ੍ਹਾਂ ਦੀ ਠੱਗੀ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਅਣਜਾਣ ਲੋਕਾਂ ਦੀ ਫ੍ਰੈਂਡ ਰਿਕਵੈਸਟ ਪ੍ਰਵਾਨ ਕਰਨ ਤੋਂ ਬਚੋ। ਇੰਟਰਨੈੱਟ ਮੀਡੀਆ ’ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਕਿਸੇ ਵੀ ਵਿਅਕਤੀ 'ਤੇ ਭਰੋਸਾ ਨਾ ਕਰੋ, ਖਾਸ ਕਰ ਕੇ ਜੋ ਆਪਣੇ ਆਪ ਨੂੰ ਐੱਨਆਰਆਈ ਜਾਂ ਵੱਡਾ ਕਾਰੋਬਾਰੀ ਦੱਸੇ। ਨਿੱਜੀ ਮੁਲਾਕਾਤ ਜਾਂ ਵੀਡੀਓ ਕਾਲ ਤੋਂ ਪਹਿਲਾਂ ਸਾਵਧਾਨੀ ਵਰਤੋ। ਜੇ ਤੁਸੀਂ ਬਲੈਕਮੇਲਿੰਗ ਦਾ ਸ਼ਿਕਾਰ ਬਣਦੇ ਹੋ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੋ ਤੇ ਪੈਸੇ ਦੇਣ ਦੀ ਬਜਾਏ ਕਾਨੂੰਨੀ ਮਦਦ ਲਓ।
---
"ਸਾਈਬਰ ਠੱਗ ਕਈ ਤਰ੍ਹਾਂ ਦੀਆਂ ਠੱਗੀਆਂ ਕਰਦੇ ਹਨ, ਇਸ ਲਈ ਇੰਟਰਨੈੱਟ ਮੀਡੀਆ ਦੀ ਵਰਤੋਂ ਪੂਰੀ ਸਾਵਧਾਨੀ ਨਾਲ ਕਰੋ। ਕਿਸੇ ਵੀ ਪ੍ਰੋਫਾਈਲ 'ਤੇ ਕਲਿੱਕ ਨਾ ਕਰੋ, ਜੇ ਕੋਈ ਰਿਕੁਐਸਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਵੇਖੋ ਕਿ ਉਸ ਨਾਲ ਸਾਂਝੇ ਦੋਸਤ ਵੀ ਸ਼ਾਮਲ ਹਨ ਜਾਂ ਨਹੀਂ। ਪੂਰੀ ਪ੍ਰੋਫਾਈਲ ਚੈੱਕ ਕਰੋ। ਜੇ ਸ਼ੱਕੀ ਲੱਗੇ ਤਾਂ ਨਾ ਰਿਕੁਐਸਟ ਭੇਜੋ, ਨਾ ਪ੍ਰਵਾਨ ਕਰੋ। ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ।"
ਪਲਵਿੰਦਰ ਸਿੰਘ, ਸਾਈਬਰ ਐਕਸਪਰਟ