ਐੱਚਐੱਮਵੀ ਦੀ ਪ੍ਰੋਫੈਸਰ ਨੂੰ ‘ਬੈਸਟ ਵੂਮਨ ਸਾਇੰਟਿਸਟ ਐਵਾਰਡ’
ਐੱਚਐੱਮਵੀ ਦੀ ਪ੍ਰੋਫੈਸਰ ਨੇ ਹਾਸਲ ਕੀਤਾ “ਬੈਸਟ ਵੂਮਨ ਸਾਇੰਟਿਸਟ ਐਵਾਰਡ'
Publish Date: Mon, 04 May 2026 06:24 PM (IST)
Updated Date: Mon, 04 May 2026 06:26 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਆਲਿਆ ਦੇ ਪੀਜੀ ਬੋਟਨੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਰਮਨਦੀਪ ਕੌਰ ਨੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਆਨ ਐਮਰਜਿੰਗ ਟੈਕਨੋਲੋਜੀਜ਼ ਫਾਰ ਸਸਟੇਨੇਬਲ ਫਿਊਚਰ ’ਚ ਸਨਮਾਨ ਹਾਸਲ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਡਾ. ਰਮਨਦੀਪ ਕੌਰ ਨੂੰ ਚੇਨਈ ਰਿਸਰਚ ਫਾਊਂਡੇਸ਼ਨ ਵੱਲੋਂ ਬੋਟਨੀ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਮਾਣਯੋਗ “ਬੈਸਟ ਵੂਮਨ ਸਾਇੰਟਿਸਟ ਐਵਾਰਡ"ਨਾਲ ਨਵਾਜਿਆ ਗਿਆ। ਉਨ੍ਹਾਂ ਨੇ “ਐਲਗਲ ਬਾਇਓਫਿਊਲ” ਦੇ ਉੱਭਰਦੇ ਖੇਤਰ 'ਤੇ ਵੱਡਮੁਲੇ ਵਿਚਾਰ ਵੀ ਪੇਸ਼ ਕੀਤੇ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਡਾ. ਰਮਨਦੀਪ ਕੌਰ ਨੂੰ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਸਥਾ ਦੇ ਅਧਿਆਪਕ ਸਾਡਾ ਗੌਰਵ ਹਨ, ਜਿਨ੍ਹਾਂ ਤੋਂ ਸਿੱਖਿਆ ਹਾਸਿਲ ਕਰਕੇ ਕਈ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ ਹਨ। ਡਾ. ਰਮਨਦੀਪ ਦੀ ਇਸ ਪ੍ਰਾਪਤੀ ਨੇ ਜਿੱਥੇ ਸੰਸਥਾ ਦਾ ਮਾਣ ਵਧਾਇਆ ਹੈ ਉਥੇ ਵਿਦਿਆਰਥੀਆਂ ਵਿੱਚ ਵੀ ਸਕਾਰਾਤਮਕ ਊਰਜਾ ਪੈਦਾ ਕੀਤੀ ਹੈ। ਉਨ੍ਹਾਂ ਨੇ ਡਾ. ਅੰਜਨਾ ਭਾਟੀਆ ਵਿਭਾਗ ਮੁਖੀ ਤੇ ਪੂਰੇ ਬੋਟਨੀ ਵਿਭਾਗ ਨੂੰ ਵੀ ਇਸ ਸਨਮਾਨ ਲਈ ਮੁਬਾਰਕਬਾਦ ਦਿੱਤੀ।