ਗਰਮੀ ਦਾ ਪ੍ਰਕੋਪ: ਮੌਸਮ ਅਨੁਸਾਰ ਬਦਲੋ ਜੀਵਨ ਸ਼ੈਲੀ, ਡਾਕਟਰਾਂ ਨੇ ਦਿੱਤੀ ਸਲਾਹ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ , ਸ਼ਾਹਕੋਟ : ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਵਿੱਚ ਲਗਾਤਾਰ ਵਾਧੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਗਰਮੀ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਵਾਰ ਗਰਮੀ ਦੇ ਸ਼ੁਰੂਆਤੀ ਮੌਸਮ ਵਿਚ ਹੀ ਤਾਪਮਾਨ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪਹਿਲਾਂ ਤੋਂ ਹੀ ਚੌਕਸ ਰਹਿਣ ਦੀ ਲੋੜ ਹੈ। ਇਸ ਵੱਧ ਰਹੀ ਗਰਮੀ ਤੋਂ ਬਚਾਅ ਲਈ ‘ਪੰਜਾਬੀ ਜਾਗਰਣ’ ਵੱਲੋਂ ਵੱਖ ਵੱਖ ਮਾਹਿਰ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ। ਜਿਨ੍ਹਾਂ ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
------------------------
40 ਡਿਗਰੀ ਤੋਂ ਵੱਧ ਤਾਪਮਾਨ ਨੂੰ ਲੂ ਮੰਨਿਆ ਜਾਂਦਾ : ਡਾ. ਛੁਰਾ
ਸਿਵਲ ਹਸਪਤਾਲ ਨਕੋਦਰ ’ਚ ਤਾਇਨਾਤ ਮੈਡੀਕਲ ਅਫਸਰ ਡਾਕਟਰ ਸਮੀਰ ਛੁਰਾ ਨੇ ਦੱਸਿਆ ਕਿ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਜਾਂਦਾ ਹੈ, ਤਾਂ ਇਸ ਨੂੰ ਲੂ ਦੀ ਸਥਿਤੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨੂੰ ਪ੍ਰਭਾਵਿਤ ਕਰਦਾ ਹੈ ਤੇ ਗਰਮੀ ਨਾਲ ਸਬੰਧਿਤ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ, ਮਈ ਅਤੇ ਜੂਨ ਦੇ ਮਹੀਨਿਆਂ ’ਚ ਲੂ ਚਲਣ ਦੀ ਸੰਭਾਵਨਾ ਵੱਧ ਰਹਿੰਦੀ ਹੈ, ਇਸ ਲਈ ਆਮ ਲੋਕਾਂ ਦੇ ਨਾਲ-ਨਾਲ ਸੰਵੇਦਨਸ਼ੀਲ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਲੂ ਲੱਗਣ ਦੇ ਲੱਛਣਾਂ ਵਿੱਚ ਸਰੀਰ ਦਾ ਤਾਪਮਾਨ 40°C ਤੋਂ ਵੱਧ ਹੋਣਾ, ਚੱਕਰ ਆਉਣਾ, ਬੇਹੋਸ਼ੀ, ਚਮੜੀ ਦਾ ਖੁਸ਼ਕ ਤੇ ਲਾਲ ਹੋਣਾ, ਤੇਜ਼ ਸਿਰ ਦਰਦ, ਉਲਟੀ ਆਉਣਾ, ਦਿਲ ਦੀ ਧੜਕਨ ਤੇਜ਼ ਹੋਣਾ, ਸਾਹ ਲੈਣ ਵਿਚ ਦਿੱਕਤ ਅਤੇ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਵਰਗੇ ਲੱਛਣ ਸ਼ਾਮਿਲ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
-------------------
ਗਰਮੀ ’ਚ ਸਹੀ ਮਾਤਰਾ ’ਚ ਪੀਓ ਪਾਣੀ : ਡਾ. ਪ੍ਰੋਹਿਤ
ਸੀਐੱਚਸੀ ਸ਼ਾਹਕੋਟ ’ਚ ਤਾਇਨਾਤ ਮੈਡੀਕਲ ਅਫਸਰ ਡਾ ਰਾਜਵੀ ਪ੍ਰੋਹਿਤ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਸਥਿਤੀ ਵਿਚ ਮਰੀਜ਼ ਨੂੰ ਤੁਰੰਤ ਠੰਢੀ ਜਗ੍ਹਾ ’ਤੇ ਲਿਜਾਇਆ ਜਾਵੇ, ਕੱਪੜੇ ਢਿੱਲੇ ਕੀਤੇ ਜਾਣ, ਸਰੀਰ ’ਤੇ ਬਰਫ ਜਾਂ ਆਈਸ ਪੈਕ ਰੱਖੇ ਜਾਣ ਅਤੇ ਬਿਨਾਂ ਦੇਰੀ ਕੀਤੇ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਵੇ। ਜੇਕਰ ਸੰਭਵ ਹੋਵੇ ਤਾਂ ਮਰੀਜ਼ ਨੂੰ ਏਸੀ ਵਾਹਨ ਵਿੱਚ ਹੀ ਹਸਪਤਾਲ ਲਿਜਾਇਆ ਜਾਵੇ, ਕਿਉਂਕਿ ਇਲਾਜ ਵਿਚ ਦੇਰੀ ਹੋਣ ਨਾਲ ਸਥਿਤੀ ਜੋਖ਼ਮ ਭਰੀ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੂ ਤੋਂ ਬਚਾਅ ਲਈ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿੱਤੀ ਜਾਵੇ। ਗਰਮੀ ਦੇ ਮੌਸਮ ’ਚ ਪਾਣੀ ਸਹੀ ਮਾਤਰਾ ਵਿਚ ਪੀਤਾ ਜਾਵੇ ਤੇ ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਂਦੇ ਰਹੋ। ਮਿੱਠੇ ਤੇ ਨਮਕ ਸਮੇਤ ਨਿੰਬੂ ਪਾਣੀ, ਲੱਸੀ, ਓਆਰਐੱਸ ਘੋਲ, ਨਾਰੀਅਲ ਪਾਣੀ ਤੇ ਹੋਰ ਤਰਲ ਪਦਾਰਥ ਸਰੀਰ ’ਚ ਪਾਣੀ ਦੀ ਸਹੀ ਮਾਤਰਾ ਬਣਾਈ ਰੱਖਣ ’ਚ ਮਦਦਗਾਰ ਹੁੰਦੇ ਹਨ।
-----------------------------
ਬਿਮਾਰੀ ਤੋਂ ਪੀੜਤ ਆਉਂਦੇ ਨੇ ਛੇਤੀ ਲਪੇਟ ’ਚ : ਡਾ ਸੋਨੀਆ ਸਿੰਘ
ਚੋਪੜਾ ਹਸਪਤਾਲ, ਸੈਦਪੁਰ ਰੋਡ, ਸ਼ਾਹਕੋਟ ਦੀ ਮਾਹਿਰ ਡਾਕਟਰ ਡਾ. ਸੋਨੀਆ ਸਿੰਘ ਤੇ ਡਾ ਮਲਵਿੰਦਰ ਸਿੰਘ ਨੇ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਗਰਮੀ ਦਾ ਮੌਸਮ ਜਿੱਥੇ ਸਰੀਰ ਲਈ ਚੁਣੌਤੀ ਪੂਰਨ ਹੁੰਦਾ ਹੈ, ਉੱਥੇ ਹੀ ਥੋੜ੍ਹੀ ਜਿਹੀ ਲਾਪਰਵਾਹੀ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਡਾ. ਸੋਨੀਆ ਸਿੰਘ ਨੇ ਦੱਸਿਆ ਕਿ ਗਰਮੀ ਦਾ ਸਭ ਤੋਂ ਵੱਧ ਪ੍ਰਭਾਵ ਨਵਜਾਤ ਤੇ ਛੋਟੇ ਬੱਚਿਆਂ 'ਤੇ ਪੈਂਦਾ ਹੈ। ਇਸ ਦੇ ਨਾਲ ਹੀ ਗਰਭਵਤੀ ਮਹਿਲਾਵਾਂ, 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਮਜ਼ਦੂਰ, ਖਿਡਾਰੀ, ਮੋਟਾਪੇ ਤੋਂ ਪੀੜਤ ਵਿਅਕਤੀ ਤੇ ਮਾਨਸਿਕ ਰੋਗੀਆਂ ਨੂੰ ਵੀ ਗਰਮੀ ਤੋਂ ਬਚਾਅ ਦੀ ਸਖਤ ਲੋੜ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕਿਡਨੀ ਜਾਂ ਲੀਵਰ ਦੀ ਸਮੱਸਿਆ ਹੈ, ਉਹ ਲੂ ਦੀ ਲਪੇਟ ’ਚ ਬਹੁਤ ਜਲਦੀ ਆ ਸਕਦੇ ਹਨ। ਇਸ ਤੋਂ ਇਲਾਵਾ ਜ਼ਿਆਦਾ ਸ਼ਰਾਬ ਪੀਣ ਵਾਲੇ ਵਿਅਕਤੀਆਂ ਤੇ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਧੁੱਪ ’ਚ ਕੰਮ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਵੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਡਾ. ਸੋਨੀਆ ਸਿੰਘ ਨੇ ਕਿਹਾ ਕਿ ਸਿਹਤ ਹੀ ਸਭ ਤੋਂ ਵੱਡਾ ਧਨ ਹੈ, ਇਸ ਲਈ ਮੌਸਮ ਅਨੁਸਾਰ ਆਪਣੀ ਜੀਵਨ ਸ਼ੈਲੀ ’ਚ ਬਦਲਾਅ ਲਿਆ ਕੇ ਅਸੀਂ ਗਰਮੀ ਤੋਂ ਬਚ ਸਕਦੇ ਹਾਂ।
---------------------
ਕਿਹੜੀਆਂ ਸਾਵਧਾਨੀਆਂ ਰੱਖਣੀਆਂ ਹਨ
* ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ, ਖਾਸ ਕਰ ਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਸਮੇਂ ਬਾਹਰ ਨਾ ਲਿਜਾਓ।
* ਬਹੁਤ ਜ਼ਿਆਦਾ ਗਰਮੀ ਦੇ ਸਮੇਂ ਰਸੋਈ ਵਿੱਚ ਲੰਬੇ ਸਮੇਂ ਤੱਕ ਖਾਣਾ ਬਣਾਉਣ ਤੋਂ ਬਚੋ ਅਤੇ ਰਸੋਈ ’ਚ ਹਵਾ ਆਉਣ-ਜਾਣ ਦੀ ਵਧੀਆ ਵਿਵਸਥਾ ਰੱਖੋ।
* ਸ਼ਰਾਬ, ਚਾਹ, ਕਾਫੀ, ਕਾਰਬੋਨੇਟਿਡ ਤੇ ਬਹੁਤ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਵੱਧ ਸੇਵਨ ਨਾ ਕਰੋ, ਕਿਉਂਕਿ ਇਹ ਸਰੀਰ ਵਿਚ ਪਾਣੀ ਦੀ ਕਮੀ ਕਰ ਸਕਦੇ ਹਨ।
* ਤਲਿਆ-ਭੁੰਨਿਆ, ਬੇਹਾ ਤੇ ਖੁੱਲ੍ਹਾ ਭੋਜਨ ਨਾ ਖਾਓ, ਕਿਉਂਕਿ ਗਰਮੀ ’ਚ ਇਹ ਜਲਦੀ ਖਰਾਬ ਹੋ ਸਕਦਾ ਹੈ।
* ਬੱਚਿਆਂ, ਬਜ਼ੁਰਗਾਂ ਜਾਂ ਪਾਲਤੂ ਜਾਨਵਰਾਂ ਨੂੰ ਬੰਦ ਖੜ੍ਹੀ ਗੱਡੀ ’ਚ ਕਦੇ ਵੀ ਨਾ ਛੱਡੋ।
* ਠੰਡੇ ਥਾਂ ਤੋਂ ਇਕਦਮ ਤੇਜ਼ ਗਰਮੀ ਵਿਚ ਨਾ ਨਿਕਲੋ ਤੇ ਬਹੁਤ ਠੰਡਾ ਪਾਣੀ ਇਕਦਮ ਨਾ ਪੀਓ।
* ਲੰਬੇ ਸਮੇਂ ਤੱਕ ਸਿੱਧੀ ਧੁੱਪ ਵਿੱਚ ਖੜ੍ਹੇ ਰਹਿਣ ਜਾਂ ਕੰਮ ਕਰਨ ਤੋਂ ਬਚੋ।
* ਭਾਰੀ ਅਤੇ ਤੰਗ ਕੱਪੜੇ ਪਹਿਨਣ ਤੋਂ ਬਚੋ, ਕਿਉਂਕਿ ਇਹ ਪਸੀਨਾ ਸੁੱਕਣ ਨਹੀਂ ਦਿੰਦੇ।
* ਨੰਗੇ ਪੈਰੀਂ ਗਰਮ ਜ਼ਮੀਨ ’ਤੇ ਨਾ ਚਲੋ।
* ਖਾਲੀ ਪੇਟ ਲੰਬੇ ਸਮੇਂ ਤੱਕ ਧੁੱਪ ਵਿਚ ਨਾ ਰਹੋ।
----------------------------
ਗਰਮੀ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ
* ਸਵੇਰੇ ਅਤੇ ਸ਼ਾਮ ਦੇ ਠੰਡੇ ਸਮੇਂ ’ਚ ਹੀ ਬਾਹਰ ਦੇ ਕੰਮ ਕਰਨ ਦੀ ਯੋਜਨਾ ਬਣਾਓ।
* ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਜਾਂ ਹੋਰ ਤਰਲ ਪਦਾਰਥ ਪੀਂਦੇ ਰਹੋ।
* ਹਲਕੇ ਰੰਗ ਦੇ ਸੁਤੀ ਤੇ ਢਿੱਲੇ ਕੱਪੜੇ ਪਹਿਨੋ, ਜੋ ਸਰੀਰ ਨੂੰ ਠੰਡਾ ਰੱਖਣ ’ਚ ਮਦਦ ਕਰਦੇ ਹਨ।
* ਸਿਰ ਨੂੰ ਕੱਪੜੇ, ਟੋਪੀ, ਛੱਤਰੀ, ਤੌਲੀਏ, ਪੱਗ ਜਾਂ ਦੁਪੱਟੇ ਨਾਲ ਢੱਕ ਕੇ ਰੱਖੋ ਤਾਂ ਜੋ ਸਿੱਧੀ ਧੁੱਪ ਤੋਂ ਬਚਿਆ ਜਾ ਸਕੇ।
* ਬਾਹਰ ਜਾਂਦੇ ਸਮੇਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ ਅਤੇ ਸਮੇਂ-ਸਮੇਂ ’ਤੇ ਪਾਣੀ ਪੀਂਦੇ ਰਹੋ।
* ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਤੇ ਓਆਰਐੱਸ ਵਰਗੇ ਤਰਲ ਪਦਾਰਥਾਂ ਦਾ ਸੇਵਨ ਵਧਾਓ।
* ਤਰਬੂਜ, ਸੰਤਰਾ, ਅੰਗੂਰ, ਖੀਰਾ, ਟਮਾਟਰ ਤੇ ਹੋਰ ਮੌਸਮੀ ਫਲ ਅਤੇ ਸਬਜ਼ੀਆਂ ਵੱਧ ਖਾਓ, ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
* ਧੁੱਪ ’ਚ ਕੰਮ ਕਰਦੇ ਸਮੇਂ ਵਿਚ-ਵਿਚਾਲੇ ਛਾਂ ਵਿਚ ਆਰਾਮ ਕਰੋ ਤੇ ਸਰੀਰ ਨੂੰ ਠੰਢਾ ਰੱਖੋ।
* ਧੁੱਪ ਵਿਚ ਨਿਕਲਦੇ ਸਮੇਂ ਸਨ ਸਕਰੀਨ ਤੇ ਐਨਕਾਂ ਦੀ ਵਰਤੋਂ ਕਰੋ।
* ਘਰਾਂ ਅਤੇ ਕੰਮ ਵਾਲੀਆਂ ਥਾਵਾਂ ’ਤੇ ਠੰਢਕ ਬਣਾਈ ਰੱਖਣ ਲਈ ਪੱਖੇ, ਕੂਲਰ ਜਾਂ ਹਵਾ ਦੀ ਸਹੀ ਵਿਵਸਥਾ ਰੱਖੋ।
* ਘਰ ’ਚੋਂ ਬਾਹਰ ਨਿਕਲਣ ਤੋਂ ਪਹਿਲਾਂ ਹਲਕਾ ਤੇ ਪੌਸ਼ਟਿਕ ਭੋਜਨ ਕਰੋ।
* ਜੇਕਰ ਬਾਹਰ ਕੰਮ ਕਰਨਾ ਲਾਜ਼ਮੀ ਹੋਵੇ ਤਾਂ ਵਿਚਾਲੇ ਪਾਣੀ ਪੀ ਕੇ ਤੇ ਛਾਂ ’ਚ ਆਰਾਮ ਕਰਕੇ ਕੰਮ ਕਰੋ।