ਰੂਹ ਕੰਬਾਊ ਹਾਦਸਾ: ਸਕੂਲ ਵੈਨ ਤੇ ਟਿੱਪਰ ਦੀ ਜ਼ਬਰਦਸਤ ਟੱਕਰ, 7 ਬੱਚੇ ਗੰਭੀਰ ਜ਼ਖਮੀ; ਗੁੱਸੇ 'ਚ ਆਏ ਲੋਕਾਂ ਨੇ ਸੜਕ 'ਤੇ ਲਾਇਆ ਜਾਮ
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇਕ ਦਰਦਨਾਕ ਸੜਕ ਹਾਦਸੇ ਵਿੱਚ ਸੱਤ ਸਕੂਲੀ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ 1 ਵਜੇ ਦੋਸੜਕਾ–ਸ਼ਾਮ ਚੁਰਾਸੀ ਰੋਡ ’ਤੇ ਕਡਿਆਣਾ ਪਿੰਡ ਦੇ ਨੇੜੇ ਵਾਪਰਿਆ।
Publish Date: Fri, 22 May 2026 05:00 PM (IST)
Updated Date: Fri, 22 May 2026 05:01 PM (IST)
ਦੀਪਕ ਮੱਟੂ , ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇਕ ਦਰਦਨਾਕ ਸੜਕ ਹਾਦਸੇ ਵਿੱਚ ਸੱਤ ਸਕੂਲੀ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ 1 ਵਜੇ ਦੋਸੜਕਾ–ਸ਼ਾਮ ਚੁਰਾਸੀ ਰੋਡ ’ਤੇ ਕਡਿਆਣਾ ਪਿੰਡ ਦੇ ਨੇੜੇ ਵਾਪਰਿਆ।
ਜਾਣਕਾਰੀ ਅਨੁਸਾਰ ਸਨ ਵੈਲੀ ਇੰਟਰਨੈਸ਼ਨਲ ਸਕੂਲ, ਚੱਕੋਵਾਲ ਬ੍ਰਾਹਮਣਾ ਦੀ ਇਕ ਵੈਨ, ਜਿਸ ਵਿੱਚ ਕਰੀਬ 10 ਬੱਚੇ ਸਵਾਰ ਸਨ, ਸ਼ਾਮ ਚੌਰਾਸੀ ਵੱਲ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਪਾਸੇ ਤੋਂ ਆ ਰਹੇ ਇਕ ਟਿੱਪਰ ਨੇ ਵੈਨ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਿੱਪਰ ਤੇਜ਼ ਰਫ਼ਤਾਰ ਕਾਰਨ ਕਾਬੂ ਤੋਂ ਬਾਹਰ ਹੋ ਕੇ ਨੇੜਲੇ ਖੇਤਾਂ ਵਿੱਚ ਜਾ ਰੁਕਿਆ।
ਵੈਨ ਚਾਲਕ ਕੁਲਵੰਤ ਸਿੰਘ (42), ਵਾਸੀ ਪਿੰਡ ਕਡਿਆਣਾ, ਵੀ ਇਸ ਹਾਦਸੇ ਵਿੱਚ ਜ਼ਖਮੀ ਹੋਇਆ। ਜ਼ਖਮੀਆਂ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਸ਼ਾਮ ਚੁਰਾਸੀ ਲਿਜਾਇਆ ਗਿਆ, ਜਿੱਥੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਚਾਰ ਬੱਚਿਆਂ- ਭਵਜੋਤ ਸਿੰਘ (13), ਨਵਜੋਤ ਕੌਰ (7), ਪੁਨੀਤ ਕੌਰ (4) ਅਤੇ ਦਿਵਿਆ ਸ਼ਰਮਾ (10) ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਹੋਰ ਤਿੰਨ ਬੱਚੇ ਹਿਮਾਨੀ ਸ਼ਰਮਾ (4), ਹਰਿਨੂਰ ਕੌਰ (5) ਅਤੇ ਸਰਬਜੀਤ ਕੌਰ (12) ਨੂੰ ਹਲਕੀਆਂ ਚੋਟਾਂ ਆਈਆਂ, ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ।
ਇਸ ਦੌਰਾਨ ਪੰਜਾਬ ਦੇ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਵੀ ਹਸਪਤਾਲ ਪਹੁੰਚ ਕੇ ਜ਼ਖਮੀ ਬੱਚਿਆਂ ਦੀ ਖੈਰ-ਖ਼ਬਰ ਲਈ।
ਥਾਣਾ ਬੁੱਲੋਵਾਲ ਦੇ ਐਸ.ਐਚ.ਓ. ਸਬ ਇੰਸਪੈਕਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਹਾਦਸੇ ਤੋਂ ਬਾਅਦ ਇਲਾਕੇ ਦੇ ਰਹਿਣ ਵਾਲਿਆਂ ਰਣਤੀਰ ਸਿੰਘ ਕਡਿਆਣਾ, ਮਨਪ੍ਰੀਤ ਸਿੰਘ ਕਡਿਆਣਾ, ਜਸਪ੍ਰੀਤ ਸਿੰਘ ਪੰਚ, ਰਮਨਦੀਪ ਸਿੰਘ ਪੰਚ ਅਤੇ ਜਗਦੀਪ ਸਿੰਘ ਪੰਚ ਸਮੇਤ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਕਾਰਕੁਨਾਂ ਨੇ, ਸੂਬਾ ਕਮੇਟੀ ਮੈਂਬਰ ਸਤਪਾਲ ਸਿੰਘ ਦੀ ਅਗਵਾਈ ਹੇਠ, ਦੋਸੜਕਾ–ਸ਼ਾਮ ਚੌਰਾਸੀ ਰੋਡ ’ਤੇ ਕਰੀਬ ਇੱਕ ਘੰਟੇ ਲਈ ਧਰਨਾ ਲਗਾ ਕੇ ਟ੍ਰੈਫਿਕ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਇਸ ਰੂਟ ’ਤੇ ਟਿੱਪਰਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਈ ਜਾਵੇ।
ਬਾਅਦ ਵਿੱਚ ਐਸ.ਆਈ. ਪਰਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੂੰ ਮਨਾਇਆ। ਇਸ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਅਤੇ ਟ੍ਰੈਫਿਕ ਮੁੜ ਸਧਾਰਨ ਹੋ ਗਿਆ।