ਸੀ.ਐਚ.ਸੀ ਕਾਲਾ ਬੱਕਰਾ ਵਿੱਖੇ ਮਨਾਇਆ "ਕੌਮੀ ਡੇਂਗੂ ਦਿਵਸ"
ਸੁਰਜੀਤ ਪਾਲ, ਪੰਜਾਬੀ ਜਾਗਰਣ,
Publish Date: Sat, 16 May 2026 07:41 PM (IST)
Updated Date: Sun, 17 May 2026 04:13 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਪਾਲ ਦੀ ਅਗਵਾਈ ਹੇਠ ਸੀ.ਐੱਚ.ਸੀ ਕਾਲਾ ਬੱਕਰਾ ਵਿਖ਼ੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ। ਕੌਮੀ ਡੇਂਗੂ ਦਿਵਸ ਹਰ ਸਾਲ 16 ਮਈ ਨੂੰ ਡੇਂਗੂ ਬਾਰੇ ਜਾਗਰੂਕਤਾ ਫੈਲਾਉਣ, ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਦੇਣ ਤੇ ਇਸ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਕਾਲਾ ਬੱਕਰਾ ਹਸਪਤਾਲ਼ ਤੋਂ ਇਲਾਵਾ ਬਲਾਕ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿਖੇ ਡੇਂਗੂ ਸਰਵੇ ਦੇ ਨਾਲ ਨਾਲ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਗਈਆਂ। ਸੀਨੀਅਰ ਮੈਡੀਕਲ ਅਫਸਰ ਵੱਲੋਂ ਖ਼ੁਦ ਫ਼ੀਲਡ ਵਿੱਚ ਜਾ ਕੇ ਕਬਾੜ, ਵਾਸ਼ਿੰਗ ਸੈਂਟਰ, ਢਾਬੇ, ਨਰਸਰੀਆਂ ਆਦਿ ਵਿੱਚ ਜਾ ਕੇ ਸਰਵੇ ਦੇ ਨਾਲ-ਨਾਲ ਲੋਕਾਂ ਨੂੰ ਡੇਂਗੂ ਹੋਣ ਦੇ ਕਾਰਣ, ਸਾਵਧਾਨੀਆਂ, ਇਲਾਜ ਤੇ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਬਲਜੀਤ ਸਿੰਘ ਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਹਫਤੇ ਚ ਇੱਕ ਵਾਰ ਡ੍ਰਾਈ ਡੇ ਮਨਾ ਲਈਏ ਭਾਵ ਕਿ ਆਪਣੇ ਘਰ, ਕੰਮਕਾਜ ਵਾਲੀ ਥਾਂ ਅਤੇ ਆਲੇ ਦੁਆਲੇ ਸਾਫ਼ ਸਫ਼ਾਈ ਦੇ ਨਾਲ ਹੀ ਖੜੇ ਪਾਣੀ ਨੂੰ ਸਾਫ਼ ਕਰ ਦਈਏ ਤਾਂ ਅਸੀਂ ਡੇਂਗੂ ਤੋਂ ਨਿਜਾਤ ਪਾ ਸਕਦੇ ਹਾਂ। ਕਿਉਂਕਿ ਡੇਂਗੂ ਫੈਲਾਉਣ ਵਾਲਾ ਮਾਦਾ ਮੱਛਰ ਐਡੀਜ਼ ਸਾਫ਼ ਖੜੇ ਪਾਣੀ ਚ ਪੈਦਾ ਹੁੰਦਾ ਹੈ ਜੋ ਕਿ ਤੜਕਸਾਰ ਅਤੇ ਸ਼ਾਮ ਵੇਲੇ ਜਦੋ ਤਾਪਮਾਨ ਘੱਟ ਹੁੰਦਾ ਹੈ, ਕੱਟਦਾ ਹੈ। ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਮਾਸਪੇਸ਼ੀਆਂ ਚ ਦਰਦ, ਮਸੂੜਿਆਂ ਤੇ ਨੱਕ ਵਿਚੋਂ ਖੂਨ ਵੱਗਣਾ, ਜੋੜਾਂ ’ਚ ਦਰਦ ਆਦਿ ਇਸ ਦੇ ਮੁੱਖ ਲੱਛਣ ਹਨ। ਇਹ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰੀ ਸਲਾਹ ਲਵੋ। ਜਾਗਰੂਕਤਾ ਕੈਂਪ ਦੌਰਾਨ ਅਜੀਤ ਸਿੰਘ ਬੈਂਸ ਹੈਲਥ ਸੁਪਰਵਾਈਜ਼ਰ ਨੇ ਕਿਹਾ ਕਿ ਜੇਕਰ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ, ਪੂਰੀ ਬਾਜੂ ਦੇ ਕਪੜੇ ਪਾਏ ਜਾਣ ਤੇ ਮੱਛਰਦਾਨੀ ਜਾਂ ਮੱਛਰ ਮਾਰਨ ਵਾਲੀ ਦਵਾਈ ਦੀ ਵਰਤੋਂ ਕੀਤੀ ਜਾਵੇ ਤਾਂ ਹੀ ਡੇਂਗੂ ਤੋਂ ਬਚਾਅ ਸੰਭਵ ਹੈ। ਇਸ ਸਬੰਧੀ ਵਧੇਰੇ ਜਾਣਕਾਰੀ 104 ਟੋਲ ਫਰੀ ਹੈਲਪਲਾਈਨ ਨੰਬਰ ਤੋਂ ਵੀ ਲਈ ਜਾ ਸਕਦੀ ਹੈ। ਇਸ ਮੌਕੇ ਹੈਲਥ ਵਰਕਰ ਅਤੇ ਹੋਰ ਹਸਪਤਾਲ਼ ਸਟਾਫ਼ ਹਾਜ਼ਰ ਸਨ।