ਪਾਣੀ ਕਾਰਨ ਪ੍ਰਭਾਵਿਤ 84 ਪਿੰਡਾਂ ’ਚ ਲਾਏ ਵਿਸ਼ੇਸ਼ ਮੈਡੀਕਲ ਕੈਂਪ
ਸਿਹਤ ਵਿਭਾਗ ਵੱਲੋਂ ਪਾਣੀ ਦਾ ਪੱਧਰ ਵੱਧਣ ਕਾਰਨ ਪ੍ਰਭਾਵਿਤ 84 ਪਿੰਡਾਂ 'ਚ ਲਗਾਏ ਵਿਸ਼ੇਸ਼ ਮੈਡੀਕਲ ਕੈਂਪ
Publish Date: Tue, 16 Sep 2025 07:41 PM (IST)
Updated Date: Tue, 16 Sep 2025 07:41 PM (IST)

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਹੜ੍ਹ ਦੇ ਪਾਣੀ ਕਾਰਨ ਪ੍ਰਭਾਵਿਤ ਪਿੰਡਾਂ ’ਚ 3 ਦਿਨਾਂ ਲਈ 14 ਤੋਂ 16 ਸਤੰਬਰ ਤੱਕ 84 ਪਿੰਡਾਂ ’ਚ 84 ਵਿਸ਼ੇਸ਼ ਮੈਡੀਕਲ ਕੈਂਪ ਲਾਏ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਬਲਾਕ ਸ਼ਾਹਕੋਟ, ਲੋਹੀਆਂ, ਕਰਤਾਰਪੁਰ, ਕਾਲਾ ਬਕਰਾ, ਆਦਮਪੁਰ, ਮਹਿਤਪੁਰ ਤੇ ਨਕੋਦਰ ’ਚ ਭਾਰੀ ਤੇ ਲਗਾਤਾਰ ਬਾਰਸ਼ ਕਾਰਨ ਬੇਈਂ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਨਾਲ ਲੱਗਦੇ 84 ਪਿੰਡ ਪ੍ਰਭਾਵਿਤ ਹੋਏ ਹਨ। ਸਿਵਲ ਸਰਜਨ ਡਾ. ਰਮਨ ਗੁਪਤਾ ਵੱਲੋਂ ਮੌਕੇ ’ਤੇ ਜਾ ਕੇ ਮੈਡੀਕਲ ਕੈਂਪਾਂ ਦੀ ਨਿਗਰਾਨੀ ਵੀ ਕੀਤੀ ਗਈ ਤੇ ਮੈਡੀਕਲ ਟੀਮਾਂ ਤੇ ਸਿਹਤ ਸਟਾਫ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਮੈਡੀਕਲ ਕੈਂਪਾਂ ’ਚ ਮੈਡੀਕਲ ਅਫਸਰ, ਸਟਾਫ ਨਰਸਾਂ, ਫਾਰਮਾਸਿਸਟਾਂ ਤੇ ਪੈਰਾ-ਮੈਡੀਕਲ ਸਟਾਫ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਇਨ੍ਹਾਂ ਕੈਂਪਾਂ ’ਚ ਲੋਕਾਂ ਨੂੰ ਮੁਫ਼ਤ ਇਲਾਜ ਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਸਿਹਤ ਮੁਲਾਜ਼ਮਾਂ ਤੇ ਆਸ਼ਾ ਵਰਕਰਾਂ ਵੱਲੋਂ ਵੀ ਸਬੰਧਤ ਖੇਤਰ ’ਚ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ, ਸਰਵੇ ਦੌਰਾਨ ਹਰ ਘਰ ਨੂੰ ਮੈਡੀਕਲ ਕਿਟ ਦਿੱਤੀ ਜਾ ਰਹੀ ਹੈ। ਇਸ ’ਚ ਪੈਰਾਸਿਟਾਮੋਲ ਦੀ ਇਕ ਸਟ੍ਰਿਪ, ਸਿਟਰਾਜ਼ਿਨ, ਡੈਟੋਲ ਸਾਬਣ, ਐਂਟੀਫੰਗਲ ਕਰੀਮ, ਜੀਵੀ ਪੇਂਟ, ਬੈਂਡ-ਏਡ ਤੇ ਓਡੋਮੋਸ ਸ਼ਾਮਲ ਹਨ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਸਰਵੇ ਦੌਰਾਨ ਸਿਹਤ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਾਣੀ ਖੜ੍ਹਾ ਹੋਣ ਨਾਲ ਮੱਛਰਾਂ ਤੇ ਕਈ ਕੀੜੇ-ਮਕੌੜਿਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਲੋਕਾਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਹੋਰ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਰਮਨ ਗੁਪਤਾ ਨੇ ਦੱਸਿਆ ਕਿ ਵਿਸ਼ੇਸ਼ ਮੈਡੀਕਲ ਕੈਂਪ ਦੌਰਾਨ 1455 ਮਰੀਜ਼ ਰਜਿਸਟਰ ਕੀਤੇ ਗਏ ਹਨ ਤੇ ਟੀਮਾਂ ਵੱਲੋਂ 4419 ਘਰਾਂ ਦਾ ਦੌਰਾ ਕੀਤਾ ਗਿਆ ਹੈ ਤੇ 54 ਪਿੰਡਾਂ ’ਚ ਫੋਗਿੰਗ ਕੀਤੀ ਗਈ।