ਹਰਵੰਤ ਕੌਰ ਨੂੰ ਬਣਾਇਆ ਇਸਤਰੀ ਅਕਾਲੀ ਦਲ ਦਾ ਪ੍ਰਧਾਨ
ਹਰਵੰਤ ਕੌਰ ਨੂੰ ਬਣਾਇਆ ਇਸਤਰੀ ਅਕਾਲੀ ਦਲ ਦਾ ਪ੍ਰਧਾਨ
Publish Date: Wed, 29 Apr 2026 08:56 PM (IST)
Updated Date: Wed, 29 Apr 2026 08:58 PM (IST)

-ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਨੇ ਸ਼ਹਿਰੀ ਪ੍ਰਧਾਨ ਪੋਪਲੀ ਦੀ ਸਿਫਾਰਸ਼ ‘ਤੇ ਨਿਯੁਕਤੀ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਾਹਕੋਟ ਸ਼ਹਿਰ ’ਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਬੀਬੀਆਂ ਦੀ ਸ਼ਮੂਲੀਅਤ ਵਧਾਉਣ ਲਈ ਇਸਤਰੀ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਸ਼ਹਿਰੀ ਇਕਾਈ ਲਈ ਨਵੀਂ ਨਿਯੁਕਤੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸ਼ਾਹਕੋਟ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਵੱਲੋਂ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ ਦੀ ਸਿਫਾਰਸ਼ ‘ਤੇ ਸਰਗਰਮ ਆਗੂ ਬੀਬੀ ਹਰਵੰਤ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤੋਂ ਹੀ ਬੀਬੀਆਂ ਦਾ ਮਾਣ-ਸਤਿਕਾਰ ਕਰਦਾ ਆਇਆ ਹੈ ਤੇ ਪਾਰਟੀ ਦੀਆਂ ਜਿੱਤਾਂ ਵਿੱਚ ਇਸਤਰੀ ਵਿੰਗ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਬੀ ਹਰਵੰਤ ਕੌਰ ਦੀ ਨਿਯੁਕਤੀ ਨਾਲ ਸ਼ਹਿਰ ਵਿਚ ਪਾਰਟੀ ਦਾ ਆਧਾਰ ਹੋਰ ਵਿਸ਼ਾਲ ਹੋਵੇਗਾ। ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ, ਖਾਸ ਕਰਕੇ ਔਰਤਾਂ, ਸਰਕਾਰ ਦੀਆਂ ਮਾਰੂ ਨੀਤੀਆਂ ਤੇ ਝੂਠੇ ਲਾਰਿਆਂ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ। ਹੁਣ ਅਕਾਲੀ ਦਲ ਦੀ ਸ਼ਹਿਰੀ ਟੀਮ ਅਤੇ ਇਸਤਰੀ ਅਕਾਲੀ ਦਲ ਮਿਲ ਕੇ ਪਾਰਟੀ ਦੀਆਂ ਪੰਜਾਬ ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਬੀਬੀ ਹਰਵੰਤ ਕੌਰ ਨੇ ਪਾਰਟੀ ਹਾਈਕਮਾਂਡ, ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਅਤੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸਰਬਜੀਤ ਕੌਰ, ਰਾਧਾ ਰਾਣੀ, ਗੋਗੀ, ਬਲਜੀਤ ਕੌਰ, ਰਜਵੰਤ ਕੌਰ, ਬਲਵਿੰਦਰ ਕੌਰ, ਸੱਬੀ, ਪਰਮਜੀਤ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ, ਦਲਜੀਤ ਕੌਰ ਆਦਿ ਹਾਜ਼ਰ ਸਨ।