ਸੈਲੂਨ ’ਚ ਮਹਿਲਾ ਨਾਲ ਛੇੜਛਾੜ, ਮੁਲਜ਼ਮ ਨੇ ਨੱਕ ਰਗੜ ਕੇ ਮੰਗੀ ਮੁਆਫ਼ੀ
ਸੈਲੂਨ ’ਚ ਔਰਤ ਨਾਲ ਛੇੜਛਾੜ,ਵਿਰੋਧ ਕਰਨ 'ਤੇ ਭਾਰੀ ਹੰਗਾਮਾ, ਮੁਲਜ਼ਮ ਨੇ ਨੱਕ ਰਗੜ ਕੇ ਮੰਗੀ ਮਾਫ਼ੀ
Publish Date: Sat, 08 Nov 2025 08:35 PM (IST)
Updated Date: Sat, 08 Nov 2025 08:37 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸ਼ਾਸਤਰੀ ਮਾਰਕੀਟ ਚੌਕ ਨੇੜੇ ਇੱਕ ਸੈਲੂਨ (ਜ਼ਾਕਿਰ ਹੁਸੈਨ ਸੈਲੂਨ) ’ਚ ਮਹਿਲਾ ਨਾਲ ਛੇੜਛਾੜ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਥਾਣਾ-3 ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੂੰ ਥਾਣੇ ਲੈ ਗਈ ਪਰ ਉਹ ਮੁਆਫ਼ੀ ਮੰਗ ਕੇ ਨਿਕਲ ਗਿਆ। ਜਾਣਕਾਰੀ ਅਨੁਸਾਰ ਪੀੜਤਾ ਸ਼ਾਸਤਰੀ ਮਾਰਕੀਟ ਚੌਕ ਨੇੜੇ ਸਥਿਤ ਸੈਲੂਨ ਗਈ ਸੀ ਤਾਂ ਸੈਲੂਨ ਕਰਮਚਾਰੀ ਨੇ ਉਸ ਨਾਲ ਛੇੜਛਾੜ ਕੀਤੀ। ਜਦੋਂ ਮਹਿਲਾ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨਾਲ ਮਾੜਾ ਸਲੂਕ ਕੀਤਾ। ਫਿਰ ਮਹਿਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੈਲੂਨ ’ਚ ਬੁਲਾਇਆ। ਥਾਣਾ-3 ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਮੁਲਜ਼ਮ ਨੂੰ ਥਾਣੇ ਲੈ ਗਈ। ਜਦੋਂ ਪੀੜਤ ਪਰਿਵਾਰ ਨੇ ਮੁਲਜ਼ਮ ਵਿਰੁੱਧ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਤਾਂ ਸੈਲੂਨ ਮਾਲਕ ਨੇ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਸੱਤਾਧਾਰੀ ਲੋਕਾਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ। ਅੰਤ ’ਚ ਪੀੜਤ ਪੱਖ ਨੇ ਸ਼ਿਕਾਇਤ ਵਾਪਸ ਲੈ ਲਈ। ਮੁਲਜ਼ਮ ਨੇ ਔਰਤ ਦੇ ਪੈਰ ਫੜ ਕੇ ਤੇ ਨੱਕ ਰਗੜ ਕੇ ਮੁਆਫੀ ਮੰਗੀ। ਇਸ ਤੋਂ ਬਾਅਦ, ਦੋਵੇਂ ਧਿਰਾਂ ’ਚ ਸਮਝੌਤਾ ਹੋ ਗਿਆ। --- ਗ਼ਲਤ ਵਿਹਾਰ ਕਰਨ ਵਾਲੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਐ : ਸੈਲੂਨ ਮਾਲਕ ਜ਼ਾਕਿਰ ਹੁਸੈਨ ਸੈਲੂਨ ਦੇ ਮਾਲਕ ਨੇ ਦੱਸਿਆ ਕਿ ਉਹ ਤੇ ਉਸਦਾ ਪਰਿਵਾਰ ਲਗਭਗ 50 ਸਾਲਾਂ ਤੋਂ ਜਲੰਧਰ ’ਚ ਇਕ ਸੈਲੂਨ ਚਲਾ ਰਿਹਾ ਹੈ ਪਰ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਇਸ ਨੌਜਵਾਨ ਨੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਨੂੰ ਦਾਗ਼ਦਾਰ ਕਰ ਦਿੱਤਾ ਹੈ। ਉਹ ਇਸ ਘਟਨਾ ਤੋਂ ਸ਼ਰਮਿੰਦਾ ਹੈ। ਉਸ ਨੇ ਕਿਹਾ ਕਿ ਅਜਿਹਾ ਗ਼ਲਤ ਵਿਹਾਰ ਕਰਨ ਵਾਲੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਸ ਨੇ ਆਪਣੇ ਗਾਹਕਾਂ ਨੂੰ ਭਰੋਸਾ ਦਿੱਤਾ ਕਿ ਉਸ ਦੇ ਸੈਲੂਨ ਨੇ ਹਮੇਸ਼ਾ ਪਰਿਵਾਰ ਵਰਗਾ ਮਾਹੌਲ ਬਣਾਈ ਰੱਖਿਆ ਹੈ ਤੇ ਅਜਿਹਾ ਹੀ ਕਰਦਾ ਰਹੇਗਾ।