ਵਿਦਿਆਰਥੀਆਂ ਲਈ ਚੰਡੀਗੜ੍ਹ ਦਾ ਵਿਦਿਅਕ ਟੂਰ ਕਰਵਾਇਆ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਚੰਡੀਗੜ੍ਹ ਦਾ ਵਿਦਿਅਕ ਟੂਰ ਕਰਵਾਇਆ
Publish Date: Fri, 08 May 2026 09:52 PM (IST)
Updated Date: Sat, 09 May 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਵਿੱਦਿਅਕ ਜਾਣਕਾਰੀ ’ਚ ਵਾਧਾ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਲਈ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਇਸ ਟੂਰ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਇਤਿਹਾਸਕ ਤੇ ਪ੍ਰਸਿੱਧ ਸਥਾਨਾਂ ਦਾ ਦੌਰਾ ਕਰ ਕੇ ਨਵੇਂ ਅਨੁਭਵ ਹਾਸਲ ਕੀਤੇ। ਯਾਤਰਾ ਦੀ ਸ਼ੁਰੂਆਤ ਵਿਸ਼ਵ ਪ੍ਰਸਿੱਧ ਰਾਕ ਗਾਰਡਨ ਦੇ ਦੌਰੇ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੇ ਕਬਾੜ ਤੇ ਰੀਸਾਈਕਲ ਸਮੱਗਰੀ ਨਾਲ ਤਿਆਰ ਕੀਤੀਆਂ ਵਿਲੱਖਣ ਕਲਾਕ੍ਰਿਤੀਆਂ ਨੂੰ ਨਜ਼ਦੀਕ ਤੋਂ ਦੇਖਿਆ। ਵਿਦਿਆਰਥੀਆਂ ਨੇ ਇਸ ਰਚਨਾਤਮਕ ਕਲਾ ਪ੍ਰਤੀ ਖ਼ਾਸ ਦਿਲਚਸਪੀ ਦਿਖਾਈ ਤੇ ਇਸ ਦੇ ਪਿੱਛੇ ਲੁਕੇ ਸੰਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੁਖਨਾ ਝੀਲ ਦਾ ਦੌਰਾ ਕੀਤਾ, ਜਿੱਥੇ ਕੁਦਰਤੀ ਸੁੰਦਰਤਾ ਤੇ ਸ਼ਾਂਤ ਮਾਹੌਲ ਨੇ ਸਭ ਨੂੰ ਮੋਹ ਲਿਆ। ਟੂਰ ਦੌਰਾਨ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਸੱਭਿਆਚਾਰਕ ਤੇ ਸਮਾਜਿਕ ਜਾਣਕਾਰੀ ਵੀ ਪ੍ਰਾਪਤ ਹੋਈ। ਕਾਲਜ ਦੇ ਓਐੱਸਡੀ ਡਾ. ਨਵਜੋਤ ਨੇ ਕਿਹਾ ਕਿ ਅਜਿਹੀਆਂ ਵਿੱਦਿਅਕ ਯਾਤਰਾਵਾਂ ਵਿਦਿਆਰਥੀਆਂ ਦੀ ਕਿਤਾਬੀ ਜਾਣਕਾਰੀ ਦੇ ਨਾਲ-ਨਾਲ ਵਿਅਕਤਿਤਵ ਵਿਕਾਸ, ਸਮਾਜਿਕ ਜਾਗਰੂਕਤਾ ਤੇ ਰਚਨਾਤਮਕ ਸੋਚ ਨੂੰ ਵੀ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਭਵਿੱਖ ’ਚ ਵੀ ਵਿਦਿਆਰਥੀਆਂ ਲਈ ਅਜਿਹੀਆਂ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਉਹ ਵਿਹਾਰਕ ਅਨੁਭਵ ਹਾਸਲ ਕਰ ਸਕਣ। ਟੂਰ ਦੌਰਾਨ ਫੈਕਲਟੀ ਮੈਂਬਰਾਂ ’ਚ ਪ੍ਰੋ. ਤੇਜਿੰਦਰ ਕੌਰ, ਪ੍ਰੋ. ਭਵਿਆ, ਪ੍ਰੋ. ਨਿਹਾਰਿਕਾ ਸੇਠ, ਪ੍ਰੋ. ਨਿਸ਼ਾ ਸਰੰਗਲ ਤੇ ਪ੍ਰੋ. ਦੀਨਬੰਧੂ ਹਾਜ਼ਰ ਰਹੇ।