ਐੱਨਐੱਸਏ ਲਾਉਣਾ ਬੰਦ ਕਰੇ ਸਰਕਾਰ : ਜਮਹੂਰੀ ਫਰੰਟ
ਬੁੱਧੀਜੀਵੀਆਂ ਤੇ ਕਾਰਕੁਨਾਂ ਉੱਪਰ ਐੱਨਐੱਸਏ ਲਗਾਉਣਾ ਬੰਦ ਕਰੇ ਸਰਕਾਰ - ਜਮਹੂਰੀ ਫਰੰਟ
Publish Date: Fri, 15 May 2026 06:45 PM (IST)
Updated Date: Fri, 15 May 2026 06:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਸੂਬਾ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋ. ਏਕੇ ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਤੇ ਯਸ਼ ਪਾਲ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਨੋਇਡਾ ਪੁਲਿਸ ਵੱਲੋਂ ਲੋਕਪੱਖੀ ਬੁੱਧੀਜੀਵੀ ਸੱਤਿਅਮ ਵਰਮਾ, ਆਕ੍ਰਿਤੀ ਤੇ ਹੋਰ ਕਾਰਕੁਨਾਂ ਉੱਪਰ ਨੈਸ਼ਨਲ ਸਕਿਊਰਿਟੀ ਐਕਟ ਲਗਾਏ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਨੋਇਡਾ ਪੁਲਿਸ ਨੇ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਮਜ਼ਦੂਰਾਂ ਦੇ ਹਿਤਾਂ ਲਈ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਤੇ ਕਾਰਕੁਨਾਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਕਰਾਰ ਦੇ ਕੇ ਇਹ ਸੰਦੇਸ਼ ਦਿੱਤਾ ਹੈ ਕਿ ਹਕੂਮਤ ਲਈ ਸਰਮਾਏਦਾਰੀ ਦੇ ਲੋਟੂ ਹਿਤਾਂ ਯਾਨੀ ਸਰਮਾਏਦਾਰੀ ਦੇ ਮੁਨਾਫ਼ੇ ਦੀ ਸੁਰੱਖਿਆ ਹੀ ਕੌਮੀ ਸੁਰੱਖਿਆ ਹੈ ਤੇ ਇਸ ਕਥਿਤ ਕੌਮੀ ਸੁਰੱਖਿਆ ’ਚੋਂ ਮਜ਼ਦੂਰ ਜਮਾਤ ਤੇ ਹੋਰ ਮਿਹਨਤਕਸ਼ ਲੋਕ ਪੂਰੀ ਤਰ੍ਹਾਂ ਮਨਫ਼ੀ ਹਨ। ਨੋਇਡਾ ਤੇ ਹੋਰ ਸਨਅਤੀ ਇਲਾਕਿਆਂ ਦੇ ਮਜ਼ਦੂਰਾਂ ਦੀ ਹਾਲੀਆ ਸਮੂਹਿਕ ਹੱਕ-ਜਤਾਈ ਤੇ ਜੁਝਾਰੂ ਸੰਘਰਸ਼ ਤੋਂ ਬੁਖਲਾਈ ਭਾਜਪਾ ਸਰਕਾਰ ਮਜ਼ਦੂਰਾਂ ਦੇ ਹੱਕ ’ਚ ਉੱਠਣ ਵਾਲੀ ਹਰ ਇਨਸਾਫ਼ਪਸੰਦ ਆਵਾਜ਼ ਨੂੰ ਨੈਸ਼ਨਲ ਸਕਿਊਰਿਟੀ ਐਕਟ ਰਾਹੀਂ ਕੁਚਲਕੇ ਪੂਰੇ ਦੇਸ਼ ਦੇ ਲੋਕਾਂ ਨੂੰ ਇਹ ਚਿਤਾਵਨੀ ਦੇ ਰਹੀ ਹੈ ਕਿ ਸਰਮਾਏਦਾਰਾ ਲੁੱਟ ਵਿਰੁੱਧ ਉੱਠਣ ਵਾਲੇ ਹਰ ਜਮਹੂਰੀ ਸੰਘਰਸ਼ ਨੂੰ ਇਸੇ ਤਰ੍ਹਾਂ ਹਕੂਮਤੀ ਜਬਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰ ਸੰਘਰਸ਼ ਦੇ ਹੱਕ ’ਚ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ ਤੇ ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ “ਕੌਮੀ ਸੁਰੱਖਿਆ ਐਕਟ” ਤੁਰੰਤ ਵਾਪਸ ਲਿਆ ਜਾਵੇ।