ਭੋਗਪੁਰ ’ਚ ਲੜਕੀਆਂ ਲਈ ਸਰਕਾਰੀ ਕਾਲਜ ਨੂੰ ਮਿਲੀ ਮਨਜ਼ੂਰੀ
ਭੋਗਪੁਰ ਵਿਖੇ ਲੜਕੀਆਂ ਲਈ ਸਰਕਾਰੀ ਕਾਲਜ ਨੂੰ ਮਿਲੀ ਮਨਜ਼ੂਰੀ, ਇਲਾਕੇ ’ਚ ਖੁਸ਼ੀ ਦੀ ਲਹਿਰ
Publish Date: Mon, 11 May 2026 08:50 PM (IST)
Updated Date: Mon, 11 May 2026 08:51 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਸ਼ਹਿਰ ਤੇ ਆਸ-ਪਾਸ ਦੇ ਲਗਭਗ 86 ਪਿੰਡਾਂ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਸਥਾਨਕ ਆਗੂਆਂ ਦੀ ਲਗਾਤਾਰ ਕੋਸ਼ਿਸ਼ਾਂ ਤੇ ਬੇਨਤੀ ਸਦਕਾ ਭੋਗਪੁਰ ਵਿਖੇ ਲੜਕੀਆਂ ਲਈ ਸਰਕਾਰੀ ਉੱਚ ਸਿੱਖਿਆ ਕਾਲਜ ਦੀ ਮਨਜ਼ੂਰੀ ਪੰਜਾਬ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਇਸ ਸਬੰਧੀ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂ ਅਤੇ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਰਾਜਾ ਦੀ ਮਿਹਨਤ ਨਾਲ ਮਿਤੀ 9 ਮਾਰਚ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੀਤੀ ਗਈ ਬੇਨਤੀ ਨੂੰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਹਿਤ ਅੱਜ ਮਿਤੀ 11 ਅਪ੍ਰੈਲ 2026 ਨੂੰ ਸਿੱਖਿਆ ਵਿਭਾਗ ਜਲੰਧਰ ਦੇ ਉੱਚ ਅਧਿਕਾਰੀਆਂ ਦੀ ਟੀਮ ਨੇ ਭੋਗਪੁਰ ਨਗਰ ਕੌਂਸਲ ’ਚ ਆ ਕੇ ਪ੍ਰਸਤਾਵਿਤ ਜ਼ਮੀਨ ਦਾ ਨਿਰੀਖਣ ਕੀਤਾ। ਇਸ ਮੌਕੇ ਨਗਰ ਕੌਂਸਲ ਦਫ਼ਤਰ ’ਚ ਪ੍ਰਧਾਨ ਰਾਜ ਕੁਮਾਰ ਰਾਜਾ, ਸੀਨੀਅਰ ਮੀਤ ਪ੍ਰਧਾਨ ਰਕੇਸ਼ ਬੱਗਾ ਤੇ ਹੋਰ ਕੌਂਸਲ ਕਰਮਚਾਰੀ ਮੌਜੂਦ ਸਨ। ਸਰਕਾਰੀ ਕਾਲਜ ਤੋਂ ਆਈ ਟੀਮ ਨੇ ਭੋਗਪੁਰ ਸਟੇਡੀਅਮ ਨੇੜੇ ਨਗਰ ਕੌਂਸਲ ਦੀ ਉਪਲਬਧ ਜ਼ਮੀਨ ਨੂੰ ਲੜਕੀਆਂ ਦੇ ਕਾਲਜ ਲਈ ਉੱਚਿਤ ਕਰਾਰ ਦਿੱਤਾ ਹੈ। ਨਗਰ ਕੌਂਸਲ ਵੱਲੋਂ ਇਹ ਜ਼ਮੀਨ ਸਰਕਾਰੀ ਕਾਲਜ ਲਈ ਅਗਲੀ ਕਾਰਵਾਈ ਵਾਸਤੇ ਮਨਜ਼ੂਰ ਕਰ ਦਿੱਤੀ ਗਈ ਹੈ ਤੇ ਇਸ ਸਬੰਧੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਅਗਲੀ ਪ੍ਰਕਿਰਿਆ ਪੂਰੀ ਕਰਕੇ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦਿੱਤਾ ਜਾਵੇਗਾ, ਜਿਸ ਨਾਲ ਭੋਗਪੁਰ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਲੜਕੀਆਂ ਨੂੰ ਉੱਚ ਸਿੱਖਿਆ ਲਈ ਵੱਡਾ ਮੌਕਾ ਮਿਲੇਗਾ। ਇਲਾਕਾ ਵਾਸੀਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਾਲਜ ਸਥਾਨਕ ਵਿਦਿਆਰਥਣਾਂ ਦੇ ਭਵਿੱਖ ਲਈ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ ਤੇ ਇਲਾਕੇ ਦੇ ਸਿੱਖਿਆ ਪੱਧਰ ਨੂੰ ਨਵੀਂ ਉਚਾਈਆਂ ’ਤੇ ਲੈ ਜਾਵੇਗਾ।