ਥਾਣੇ ਨੇੜਲੀ ਦੁਕਾਨ ’ਚੋਂ ਲੱਖਾਂ ਦਾ ਸਾਮਾਨ ਚੋਰੀ
ਥਾਣੇ ਦੇ ਨਜ਼ਦੀਕ ਦੁਕਾਨ ਤੋਂ ਲੱਖਾਂ ਦਾ ਸਮਾਨ ਚੋਰੀ
Publish Date: Wed, 13 May 2026 10:05 PM (IST)
Updated Date: Wed, 13 May 2026 10:06 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਥਾਣੇ ਦੇ ਸਾਹਮਣੇ ਲਾਏ ਗਏ ਪੁਲਿਸ ਨਾਕੇ ਤੇ 112 ਨੰਬਰ ਪੁਲਿਸ ਗੱਡੀ ਦੀ ਗਸ਼ਤ ਦੇ ਬਾਵਜੂਦ ਬੀਤੀ ਰਾਤ ਚੋਰਾਂ ਨੇ ਸ਼ਾਹਕੋਟ ਥਾਣੇ ਤੋਂ ਕੁਝ ਹੀ ਦੂਰੀ ’ਤੇ ਸਥਿਤ ਸੋਬਤੀ ਪਾਈਪ ਸਟੋਰ ’ਚੋਂ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਚੰਦਰ ਮੋਹਨ ਸੋਬਤੀ ਪੁੱਤਰ ਹੰਸ ਰਾਜ ਸੋਬਤੀ ਵਾਸੀ ਮੁਹੱਲਾ ਬਾਗਵਾਲਾ ਪੁਰਾਣੀ ਸਬਜ਼ੀ ਮੰਡੀ ਸ਼ਾਹਕੋਟ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਸਟੇਟ ਬੈਂਕ ਆਫ਼ ਇੰਡੀਆ ਜਵਾਹਰ ਮਾਰਕੀਟ, ਸ਼ਾਹਕੋਟ-ਮਲਸੀਆਂ ਰੋਡ ਦੇ ਨਜ਼ਦੀਕ ਸਥਿਤ ਹੈ। ਉਹ ਰੋਜ਼ਾਨਾ ਵਾਂਗ ਰਾਤ ਨੂੰ ਦੁਕਾਨ ਨੂੰ ਤਾਲਾ ਲਾ ਕੇ ਗਏ ਸਨ। ਸਵੇਰੇ ਕਰੀਬ 8:15 ਵਜੇ ਜਦੋਂ ਉਹ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਸ਼ਟਰ ਦਾ ਤਾਲਾ ਗਾਇਬ ਸੀ ਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਚੋਰਾਂ ਨੇ 5 ਸਬਮਰਸੀਬਲ ਮੋਟਰਾਂ, 2 ਤਾਂਬੇ ਦੀਆਂ ਤਾਰਾਂ ਦੇ ਬੰਡਲ, 5 ਸੇਫ਼ਟੀ ਤਾਰਾਂ ਦੇ ਬੰਡਲ, ਪਿੱਤਲ ਦਾ ਕੀਮਤੀ ਸਾਮਾਨ ਆਦਿ ਚੋਰੀ ਕਰ ਲਿਆ। ਘਟਨਾ ਸਬੰਧੀ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਚੋਰਾਂ ਦਾ ਸੁਰਾਗ ਲਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।