ਗੁਰੂ ਨਾਨਕ ਪੁਰਾ ਫਾਟਕ ’ਤੇ ਓਵਰਬ੍ਰਿਜ ਲਈ ਨਾਰਦਰਨ ਰੇਲਵੇ ਨੇ ਲਾਇਆ ਟੈਂਡਰ
ਚੰਗੀ ਖ਼ਬਰ: ਸਾਲਾਂ ਤੋਂ ਗੁਰੂ ਨਾਨਕ ਪੁਰਾ ਫਾਟਕ ’ਤੇ ਓਵਰਬ੍ਰਿਜ ਬਣਾਉਣ ਦੀ ਫਾਈਲ ਖੁੱਲੀ, ਨਾਰਦਰਨ ਰੇਲਵੇ ਨੇ ਲਾਇਆ ਟੈਂਡਰ
Publish Date: Wed, 29 Apr 2026 10:42 PM (IST)
Updated Date: Wed, 29 Apr 2026 10:43 PM (IST)

-ਨਕੋਦਰ ਸੈਕਸ਼ਨ ’ਚ ਜਮਸ਼ੇਰ ਖਾਸ ਫਾਟਕ ’ਤੇ ਵੀ ਬਣੇਗਾ ਆਰਓਬੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਲਾਈਨ ਤੇ ਜਲੰਧਰ ਸਿਟੀ-ਜਲੰਧਰ ਕੈਂਟ ਦੇ ਦਰਮਿਆਨ ਪੈਂਦੇ ਗੁਰੂ ਨਾਨਕ ਪੁਰਾ ਫਾਟਕ (ਬੀ-67 ਏ) ’ਤੇ ਬਣਨ ਵਾਲੇ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਨੂੰ ਲੈ ਕੇ ਚੰਗੀ ਖ਼ਬਰ ਆਈ ਹੈ। 10 ਸਾਲਾਂ ਤੋਂ ਵੱਧ ਸਮੇਂ ਤੋਂ ਫਲਾਈਓਵਰ ਦੇ ਨਿਰਮਾਣ ਦੀ ਕਾਰਵਾਈ ਸਾਇਲ ਟੈਸਟਿੰਗ, ਸਰਵੇ ਅਤੇ ਐਸਟੀਮੇਟ ਦੇ ਚੱਕਰਾਂ ’ਚ ਫਸੀ ਹੋਈ ਸੀ ਪਰ ਹੁਣ ਇਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਨਾਰਦਰਨ ਰੇਲਵੇ ਵੱਲੋਂ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਫਾਟਕ ਤੋਂ ਲਗਭਗ 110 ਰੇਲ ਗੱਡੀਆਂ ਗੁਜ਼ਰਦੀਆਂ ਹਨ, ਜਿਸ ਕਾਰਨ ਇਹ ਦਿਨ ਭਰ ਬੰਦ ਰਹਿੰਦਾ ਹੈ ਅਤੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਪੀਏਪੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਅਪ੍ਰੋਚ ਰੋਡ ਬੰਦ ਹੋਣ ਕਾਰਨ ਟ੍ਰੈਫਿਕ ਦਾ ਵਾਧੂ ਬੋਝ ਵੀ ਇਸੇ ਫਾਟਕ ’ਤੇ ਪੈ ਰਿਹਾ ਸੀ। ਇਸ ਕਰਕੇ ਦੋਵੇਂ ਪਾਸਿਓਂ ਲੰਬਾ ਜਾਮ ਲੱਗਦਾ ਰਹਿੰਦਾ ਸੀ ਅਤੇ ਵਾਹਨਾਂ ਦੇ ਲੰਘਦੇ-ਲੰਘਦੇ ਦੋ-ਤਿੰਨ ਟ੍ਰੇਨਾਂ ਹੋਰ ਆ ਜਾਂਦੀਆਂ ਸਨ। ਕਈ ਵਾਰ ਵਾਹਨਾਂ ਦੀ ਟੱਕਰ ਨਾਲ ਫਾਟਕ ਟੁੱਟ ਚੁੱਕਾ ਹੈ ਅਤੇ ਟ੍ਰੈਫਿਕ ਵਧ ਜਾਣ ਕਰਕੇ ਕਈ ਵਾਰ ਟ੍ਰੇਨਾਂ ਨੂੰ ਫਾਟਕ ਤੋਂ ਪਹਿਲਾਂ ਰੋਕਣਾ ਪੈਂਦਾ ਸੀ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਰੇਲਵੇ ਓਵਰਬ੍ਰਿਜ ਹੀ ਸੀ। ਹੁਣ ਪ੍ਰਕਿਰਿਆ ਮੁੜ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਵੀ ਵਧ ਗਈਆਂ ਹਨ। ਇਸ ਮਾਮਲੇ ਨੂੰ ਲੈ ਕੇ ਸੂਰਿਆ ਐਨਕਲੇਵ ਦੀਆਂ ਵੈੱਲਫੇਅਰ ਸੁਸਾਇਟੀਆਂ, ਅਲਫਾ ਮਹਿੰਦਰੂ ਫਾਊਂਡੇਸ਼ਨ ਅਤੇ ਭਾਜਪਾ ਤੇ ਕਾਂਗਰਸ ਦੇ ਆਗੂ ਸਮੇਂ-ਸਮੇਂ ’ਤੇ ਇਹ ਮੁੱਦਾ ਉਠਾਉਂਦੇ ਰਹੇ ਹਨ। ਗੁਰੂ ਨਾਨਕਪੁਰਾ ਓਵਰਬ੍ਰਿਜ ਦਾ ਨਿਰਮਾਣ ਲਗਭਗ 34 ਤੋਂ 37 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਤੇ ਇਸ ਦੀ ਮਿਆਦ 18 ਮਹੀਨੇ ਰੱਖੀ ਗਈ ਹੈ। ਹਾਲਾਂਕਿ ਯੂਟਿਲਿਟੀ ਸ਼ਿਫਟਿੰਗ ਦੌਰਾਨ ਕੁਝ ਸਮਾਂ ਵੱਧ ਸਕਦਾ ਹੈ, ਕਿਉਂਕਿ ਇਸ ’ਚ ਸੀਵਰੇਜ, ਬਿਜਲੀ ਦੇ ਖੰਭੇ ਤੇ ਦਰੱਖਤ ਆਦਿ ਹਟਾਏ ਜਾਣਗੇ ਅਤੇ ਮਾਨਸੂਨ ਵੀ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ। ------------------------- ‘ਅਦਾਰਾ ਜਾਗਰਣ’ ਨੇ ਗੰਭੀਰਤਾ ਨਾਲ ਉਠਾਇਆ ਮੁੱਦਾ ਗੁਰੂ ਨਾਨਕਪੁਰਾ ਫਾਟਕ ਦੇ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮਸਲੇ ਨੂੰ ਅਦਾਰਾ ਜਾਗਰਣ ਵੱਲੋਂ ਰੇਲ ਰਾਜ ਮੰਤਰੀ ਰਵਨੀਤ ਬਿੱਟੂ, ਨਾਰਦਰਨ ਰੇਲਵੇ ਦੇ ਜੀਐਮ, ਡੀਆਰਐੱਮ ਸਮੇਤ ਹੋਰ ਅਧਿਕਾਰੀਆਂ ਦੇ ਸਾਹਮਣੇ ਉਠਾਇਆ ਗਿਆ। ਇਸ ਤੋਂ ਇਲਾਵਾ ਇਸ ਮੁੱਦੇ ਨੂੰ ਅਖ਼ਬਾਰ ਵਿਚ ਵੀ ਪ੍ਰਮੁੱਖ ਤੌਰ ’ਤੇ ਛਾਪਿਆ ਗਿਆ, ਜਿਸ ਤੋਂ ਬਾਅਦ ਕਈ ਸਿਆਸੀ ਆਗੂਆਂ ਨੇ ਇਸ ਨੂੰ ਸੰਸਦ ਤੇ ਰੇਲ ਮੰਤਰੀ ਤੱਕ ਪਹੁੰਚਾਇਆ। ----------------------- ਅੱਜ ਪ੍ਰੀ-ਬਿਡ ਕਾਨਫਰੰਸ ਨਾਲ ਪ੍ਰਕਿਰਿਆ ਸ਼ੁਰੂ ਇਸ ਪ੍ਰੋਜੈਕਟ ਲਈ ਟੈਂਡਰ ਦੀ ਆਖ਼ਰੀ ਤਾਰੀਖ 20 ਮਈ ਨਿਰਧਾਰਿਤ ਕੀਤੀ ਗਈ ਹੈ ਤੇ ਪ੍ਰੀ-ਬਿਡ ਕਾਨਫਰੰਸ 30 ਅਪ੍ਰੈਲ ਨੂੰ ਹੋਵੇਗੀ। ਇਸ ਵਿਚ ਠੇਕੇਦਾਰਾਂ ਨੂੰ ਅਰਜ਼ੀ ਪ੍ਰਕਿਰਿਆ, ਸ਼ਰਤਾਂ ਅਤੇ ਨਿਰਮਾਣ ਸਬੰਧੀ ਹਦਾਇਤਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ 3 ਕਰੋੜ ਰੁਪਏ ਤੋਂ ਵੱਧ ਦੀ ਸਕਿਉਰਿਟੀ ਮਨੀ ਜਮ੍ਹਾਂ ਕਰਵਾਉਣੀ ਹੋਵੇਗੀ, ਜੋ ਕਿ ਰਿਫੰਡੇਬਲ ਹੋਵੇਗੀ। ਦੱਸਣਯੋਗ ਹੈ ਕਿ ਨਾਰਦਰਨ ਰੇਲਵੇ ਵੱਲੋਂ ਕੁੱਲ ਚਾਰ ਰੇਲਵੇ ਓਵਰਬ੍ਰਿਜ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਜਲੰਧਰ ਵਿੱਚ ਹਨ। ਇਨ੍ਹਾਂ ਵਿੱਚ ਗੁਰੂ ਨਾਨਕ ਪੁਰਾ ਫਾਟਕ (ਬੀ-67 ਏ) ਅਤੇ ਨਕੋਦਰ ਸੈਕਸ਼ਨ ’ਚ ਜਲੰਧਰ ਸਿਟੀ-ਜਮਸ਼ੇਰ ਖਾਸ ਦੇ ਦਰਮਿਆਨ ਫਾਟਕ ਨੰਬਰ ਐੱਸ-4 ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ-ਇੱਕ ਓਵਰਬ੍ਰਿਜ ਜੰਮੂ ਅਤੇ ਅੰਮ੍ਰਿਤਸਰ ਵਿੱਚ ਬਣੇਗਾ। ਚਾਰਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ ਲਗਭਗ 192 ਕਰੋੜ 44 ਲੱਖ 47 ਹਜ਼ਾਰ ਰੁਪਏ ਤੋਂ ਵੱਧ ਹੈ।