ਪੀਐੱਨਬੀ ਦੇ ਲਾਕਰ ’ਚੋਂ ਸੋਨਾ ਗ਼ਾਇਬ, ਪਰਿਵਾਰ ਵੱਲੋਂ ਹੰਗਾਮਾ
ਮਾਈ ਹੀਰਾਂ ਗੇਟ ਨੇੜੇ ਪੀਐੱਨਬੀ ਦੇ ਲਾਕਰ ’ਚੋਂ ਸੋਨਾ ਗਾਇਬ, ਪਰਿਵਾਰ ਵੱਲੋਂ ਹੰਗਾਮਾ
Publish Date: Tue, 05 May 2026 09:38 PM (IST)
Updated Date: Tue, 05 May 2026 09:38 PM (IST)

-15 ਸਾਲ ਪੁਰਾਣੇ ਲਾਕਰ ’ਚੋਂ 10 ਲੱਖ ਦੇ ਗਹਿਣੇ ਗਾਇਬ ਹੋਣ ਦਾ ਦੋਸ਼, ਜਾਂਚ ਸ਼ੁਰੂ -13 ਅਪ੍ਰੈਲ ਨੂੰ ਸਾਰੇ ਗਹਿਣੇ ਸੁਰੱਖਿਅਤ ਸਨ, ਬੈਂਕ ਪ੍ਰਬੰਧਾਂ ’ਤੇ ਲਾਪਰਵਾਹੀ ਦੇ ਦੋਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ , ਜਲੰਧਰ : ਜਲੰਧਰ ਦੇ ਮਾਈ ਹੀਰਾਂ ਗੇਟ ਸਥਿਤ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੀ ਸ਼ਾਖਾ ਵਿੱਚ ਲਾਕਰ ‘ਚੋਂ ਸੋਨਾ ਗਾਇਬ ਹੋਣ ‘ਤੇ ਹੰਗਾਮਾ ਹੋ ਗਿਆ। ਸੰਤ ਨਗਰ ਦੇ ਰਹਿਣ ਵਾਲੇ ਜਤਿੰਦਰ ਚੱਢਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਲਾਕਰ ਨੰਬਰ 336 ਵਿੱਚੋਂ ਲਗਪਗ ਛੇ ਤੋਂ ਸੱਤ ਤੋਲੇ ਸੋਨੇ ਦੇ ਗਹਿਣੇ ਗਾਇਬ ਹੋ ਗਏ ਹਨ, ਜਿਨ੍ਹਾਂ ਦੀ ਕੀਮਤ ਕਰੀਬ 10 ਲੱਖ ਰੁਪਏ ਦੱਸੀ ਜਾ ਰਹੀ ਹੈ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਲਾਕਰ ਲਗਭਗ 15 ਸਾਲ ਪਹਿਲਾਂ ਲਿਆ ਸੀ ਅਤੇ 2007 ਤੋਂ ਪਰਿਵਾਰ ਦੇ ਕੀਮਤੀ ਗਹਿਣੇ ਰੱਖੇ ਹੋਏ ਸਨ। ਚੱਢਾ ਨੇ ਦੱਸਿਆ ਕਿ 13 ਅਪ੍ਰੈਲ ਨੂੰ ਜਦੋਂ ਉਨ੍ਹਾਂ ਨੇ ਲਾਕਰ ਚੈਕ ਕੀਤਾ ਸੀ ਤਾਂ ਸਾਰੇ ਗਹਿਣੇ ਸੁਰੱਖਿਅਤ ਸਨ। ਹਾਲ ਹੀ ਵਿੱਚ ਜਦੋਂ ਉਹ ਕੁਝ ਹੋਰ ਸਾਮਾਨ ਰੱਖਣ ਲਈ ਲਾਕਰ ਖੋਲ੍ਹਣ ਪਹੁੰਚੇ ਤਾਂ ਗਹਿਣਿਆਂ ਦੇ ਗਾਇਬ ਹੋਣ ਦਾ ਪਤਾ ਲੱਗਾ। ਘਟਨਾ ਤੋਂ ਬਾਅਦ ਪਰਿਵਾਰ ਨੇ ਬੈਂਕ ਪ੍ਰੰਗਣ ਵਿੱਚ ਹੰਗਾਮਾ ਕੀਤਾ ਤੇ ਬੈਂਕ ਪ੍ਰਬੰਧਕਾਂ ’ਤੇ ਲਾਪਰਵਾਹੀ ਦੇ ਦੋਸ਼ ਲਗਾਏ। ਚੱਢਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੈਂਕ ਮੈਨੇਜਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਪਰ ਬੈਂਕ ਨੇ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਬੈਂਕ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲਾਕਰ ਵਿੱਚ ਰੱਖੇ ਸਾਮਾਨ ਦੀ ਜ਼ਿੰਮੇਵਾਰੀ ਗਾਹਕ ਦੀ ਹੁੰਦੀ ਹੈ। ਉੱਥੇ ਹੀ ਪੀੜਤ ਦਾ ਕਹਿਣਾ ਹੈ ਕਿ ਲਾਕਰ ਦੀ ਇੱਕ ਚਾਬੀ ਬੈਂਕ ਕੋਲ ਹੁੰਦੀ ਹੈ ਤੇ ਦੂਜੀ ਗਾਹਕ ਕੋਲ। ਨਾਲ ਹੀ ਇਸ ਸੇਵਾ ਲਈ ਫੀਸ ਵੀ ਲਈ ਜਾਂਦੀ ਹੈ, ਇਸ ਲਈ ਬੈਂਕ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ। ਉਨ੍ਹਾਂ ਨੇ ਦੱਸਿਆ ਕਿ ਬੈਂਕ ਮੈਨੇਜਰ ਨੇ ਕਿਹਾ ਕਿ ਲਾਕਰ ਖੇਤਰ ’ਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਹਨ, ਹਾਲਾਂਕਿ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਬੈਂਕ ਨਾਲ ਸੰਬੰਧਿਤ ਦਸਤਾਵੇਜ਼ ਇਕੱਠੇ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।