ਲੜਕੀ ਦੀ ਭੇਤਭਰੇ ਹਲਾਤ 'ਚ ਮੌਤ, ਮਾਪਿਆਂ ਵਲੋਂ ਲੁੱਟ ਦੀ ਨੀਅਤ ਨਾਲ ਮਾਰਨ ਦਾ ਦੋਸ਼
ਇਕ ਨੌਜਵਾਨ ਲੜਕੀ ਜੋ ਗੜ੍ਹਸ਼ੰਕਰ ਵਿਖੇ ਇਕ ਲੈਬ 'ਚ ਕੰਮ ਕਰਦੀ ਸੀ, ਉਸ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦੀ ਖ਼ਬਰ ਹੈ। ਲੜਕੀ ਦੇ ਮਾਪਿਆਂ ਵਲੋਂ ਲੜਕੀ ਨੂੰ ਲੁੱਟ ਦੀ ਨੀਅਤ ਨਾਲ ਮਾਰਨ ਦਾ ਦੋਸ਼ ਲਗਾਇਆ ਗਿਆ ਹੈ।
Publish Date: Thu, 02 Oct 2025 11:16 AM (IST)
Updated Date: Thu, 02 Oct 2025 12:30 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਗੜਸ਼ੰਕਰ : ਇੱਥੋਂ ਦੇ ਨਜ਼ਦੀਕੀ ਪਿੰਡ ਘਾਗੋਂ ਗੁਰੂ ਦੀ ਇਕ ਨੌਜਵਾਨ ਲੜਕੀ ਜੋ ਗੜ੍ਹਸ਼ੰਕਰ ਵਿਖੇ ਇਕ ਲੈਬ 'ਚ ਕੰਮ ਕਰਦੀ ਸੀ, ਉਸ ਦੀ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦੀ ਖ਼ਬਰ ਹੈ। ਲੜਕੀ ਦੇ ਮਾਪਿਆਂ ਵਲੋਂ ਲੜਕੀ ਨੂੰ ਲੁੱਟ ਦੀ ਨੀਅਤ ਨਾਲ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕੰਚਨ (23) ਪੁੱਤਰੀ ਮੇਵਾ ਚੰਦ ਵਾਸੀ ਘਾਗੋਂ ਗੁਰੂ ਗੜ੍ਹਸ਼ੰਕਰ ਦੇ 'ਗੁਰਦੁਆਰਾ ਸਿੰਘ ਸਭਾ ਵਿਖੇ ਸਥਿਤ ਲੈਬ 'ਚ ਕੰਮ ਕਰਦੀ ਸੀ। ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਜਦੋਂ ਕੰਚਨ ਆਪਣੀ ਸਕੂਟਰੀ 'ਤੇ ਦੁਪਹਿਰ ਕਰੀਬ 1 ਵਜੇ ਆਪਣੇ ਪਿੰਡ ਘਾਗੋਂ ਗੁਰੂ ਨੂੰ ਜਾ ਰਹੀ ਸੀ ਤਾਂ ਚੰਡੀਗੜ੍ਹ ਰੋਡ ਤੋਂ ਪਿੰਡ ਨੂੰ ਜਾਂਦੀ ਸੰਪਰਕ ਸੜਕ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਉਸਦਾ ਪਿੱਛਾ ਕਰਕੇ ਲੁੱਟ ਦੀ ਨੀਅਤ ਨਾਲ ਉਸ ਦੇ ਮੂੰਹ 'ਤੇ ਸਪਰੇਅ ਮਾਰਿਆ ਗਿਆ ਅਤੇ ਉਸ ਦਾ ਗਲਾ ਘੁੱਟਿਆ ਗਿਆ।
ਜਦੋਂ ਲੜਕੀ ਘਰ ਪਹੁੰਚੀ ਤਾਂ ਉਸ ਦੀ ਸਿਹਤ ਵਿਗੜ ਗਈ, ਜਿਸ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਮਾਪਿਆਂ ਅਨੁਸਾਰ ਲੜਕੀ ਜਦੋਂ ਹੋਸ਼ ’ਚ ਸੀ ਤਾਂ ਉਸ ਨੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਦੱਸਿਆ ਸੀ। ਇਸ ਮਾਮਲੇ 'ਚ ਮਾਪਿਆਂ ਵਲੋਂ ਲੜਕੀ ਨੂੰ ਲੁੱਟ ਵਾਸਤੇ ਮਾਰਨ ਦਾ ਦੋਸ਼ ਲਗਾਇਆ ਗਿਆ ਹੈ ਜਦੋਂ ਕਿ ਪੁਲਿਸ ਵਲੋਂ ਮਾਮਲਾ ਸ਼ੱਕੀ ਦੱਸਿਆ ਜਾ ਰਿਹਾ ਹੈ। ਲੜਕੀ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਰੱਖੀ ਗਈ ਹੈ। ਲੜਕੀ ਦੇ ਪਿਤਾ ਮੇਵਾ ਚੰਦ ਅਤੇ ਮਾਤਾ ਸਰਬਜੀਤ ਕੌਰ ਵਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।