ਜਾਸ, ਜਲੰਧਰ : ਜੇ

ਜਾਸ, ਜਲੰਧਰ : ਜੇ ਤੁਸੀਂ ਵੀ ਡ੍ਰਾਈਵਿੰਗ ਲਾਇਸੈਂਸ ਬਣਵਾਉਣ ਦੀ ਸੋਚ ਰਹੇ ਹੋ ਤਾਂ ਹੁਣ ਪਹਿਲਾਂ ਤੋਂ ਕਾਫੀ ਵੱਧ ਤਿਆਰੀ ਦੀ ਲੋੜ ਹੈ। ਕਾਰਨ, ਬੱਸ ਸਟੈਂਡ ਨੇੜੇ ਆਟੋਮੈਟਿਡ ਡ੍ਰਾਈਵਿੰਗ ਟ੍ਰੈਕ 'ਤੇ ਕੁਝ ਮਹੀਨਿਆਂ ’ਚ ਹੀ ਮੋਹਾਲੀ ਦੀ ਤਰ੍ਹਾਂ ਪੂਰਾ ਸਿਸਟਮ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਅਧਾਰਿਤ ਸੈਂਸਰਾਂ ਤੇ ਕੈਮਰਿਆਂ ਦੀ ਮਦਦ ਨਾਲ ਚੱਲੇਗਾ। ਜੋ ਟੈਸਟ ’ਚ ਹਰ ਮੋੜ, ਹਰ ਗਲਤੀ ਤੇ ਹਰ ਫੈਸਲੇ ਨੂੰ ਰਿਕਾਰਡ ਕਰੇਗਾ। ਇਸ ਤਕਨੀਕੀ ਬਦਲਾਅ ਮਗਰੋਂ ਡ੍ਰਾਈਵਿੰਗ ਟੈਸਟ ’ਚ ਕੋਈ ਵੀ ਮੈਨੂਅਲ ਦਖਲ ਸੰਭਵ ਨਹੀਂ ਹੋਵੇਗਾ। ਹੁਣ ਤੱਕ ਜਿੱਥੇ ਲੋਕਾਂ ਨੂੰ ਲੱਗਦਾ ਸੀ ਕਿ ਕਿਸੇ ਸਿਫਾਰਸ਼ ਜਾਂ ਲੁਕਵੇਂ ਢੰਗ ਨਾਲ ਕੰਮ ਹੋ ਜਾਵੇਗਾ ਪਰ ਹੁਣ ਅਜਿਹਾ ਸੰਭਵ ਨਹੀਂ ਹੋਵੇਗਾ। ਕਾਰਨ ਨਵੇਂ ਟੈਸਟ ’ਚ ਹਰੇਕ ਸਰਗਰਮੀ ਸੈਂਸਰ ਤੇ ਕੈਮਰੇ ਦੀ ਨਜ਼ਰ ’ਚ ਹੋਵੇਗੀ। ਇਸ ਦੇ ਪੈਰਾਮੀਟਰ ਪਹਿਲਾਂ ਤੋਂ ਵੱਧ ਸਖਤ ਹੋਣਗੇ ਤਾਂ ਜੋ ਸਿਰਫ ਉਹੀ ਬਿਨੈਕਾਰ ਪਾਸ ਹੋਵੇ, ਜੋ ਸਹੀ ਮਾਅਨਿਆਂ ’ਚ ਸੁਰੱਖਿਅਤ ਡ੍ਰਾਈਵਿੰਗ ਕਰ ਸਕੇ।
ਡ੍ਰਾਈਵਿੰਗ ਟ੍ਰੈਕ 'ਤੇ ਮੌਜੂਦਾ ਸਮੇਂ ’ਚ ਬਿਨੈਕਾਰਾਂ ਦਾ ਪਾਸ ਫ਼ੀਸਦੀ 80 ਤੱਕ ਹੈ, ਜੋ ਨਵੀਂ ਤਕਨੀਕ ਮਗਰੋਂ ਘਟਣਾ ਤੈਅ ਹੈ। ਕਾਰਨ ਨਵੀਂ ਤਕਨੀਕ ’ਚ ਟੈਸਟ ਦੇਣ ਦਾ ਸਮਾਂ ਹੱਦ ਘਟਾਈ ਗਈ ਹੈ ਤੇ ਸੈਂਸਰ ਜ਼ਰੀਏ ਹਰ ਗਲਤੀ ਨੂੰ ਟ੍ਰੈਕ ਕੀਤਾ ਜਾਵੇਗਾ। ਇਸ ਤੋਂ ਬਾਅਦ ਲਾਇਸੈਂਸ ਹਾਸਲ ਕਰਨ ਵਾਲਾ ਸੜਕ 'ਤੇ ਉਹੀ ਡਰਾਈਵਰ ਆਵੇਗਾ, ਜੋ ਹਰ ਸੁਰੱਖਿਆ ਮਾਪਦੰਡਾਂ ਨੂੰ ਸਮਝਦਾ ਹੋਵੇ ਅਤੇ ਉਸ ’ਤੇ ਅਮਲ ਵੀ ਕਰ ਸਕੇ। ਮੋਹਾਲੀ ’ਚ ਨਵੀਂ ਤਕਨੀਕ ਦੀ ਸ਼ੁਰੂਆਤ ਮਗਰੋਂ ਪਾਸ ਫ਼ੀਸਦ ਘਟ ਕੇ ਸਿਰਫ 42 ਰਹਿ ਗਿਆ ਹੈ।
---------
70 ਲੱਖ ਦੀ ਲਾਗਤ ਨਾਲ ਡ੍ਰਾਈਵਿੰਗ ਟ੍ਰੈਕ ’ਚ ਹੋਵੇਗਾ ਸੁਧਾਰ
ਆਰਟੀਓ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੌਜੂਦਾ ਡ੍ਰਾਈਵਿੰਗ ਟ੍ਰੈਕ 'ਤੇ ਸਿਵਲ ਵਰਕ ਵਿਚ ਸੁਧਾਰ ਦੇ ਕੰਮ 'ਤੇ ਕਰੀਬ 70 ਲੱਖ ਰੁਪਏ ਖਰਚੇ ਜਾਣਗੇ। ਇਸ ਲਈ ਹਾਲ ਹੀ ’ਚ ਚੰਡੀਗੜ੍ਹ ਦਫਤਰ ਦੀ ਟੀਮ ਟ੍ਰੈਕ ਦਾ ਸਰਵੇ ਕਰਕੇ ਜਾ ਚੁੱਕੀ ਹੈ। ਸਰਵੇ ਨੂੰ ਮਨਜ਼ੂਰੀ ਮਿਲਦਿਆਂ ਹੀ ਕੰਮ ਕਰਵਾਇਆ ਜਾਵੇਗਾ। ਟ੍ਰੈਕ 'ਤੇ ਬੂਮ ਬੈਰੀਅਰ, ਰੈੱਡ ਲਾਈਟ, ਜ਼ੈਬਰਾ ਕ੍ਰਾਸਿੰਗ, ਬ੍ਰੇਕਿੰਗ ਸਿਸਟਮ ਆਦਿ ’ਚ ਸੁਧਾਰ ਦਾ ਕੰਮ ਹੋਣਾ ਹੈ। ਟ੍ਰੈਕ ਨੂੰ ਅਪਗਰੇਡ ਕਰਨ ਮਗਰੋਂ ਸਰਕਾਰ ਵੱਲੋਂ ਤੈਅ ਕੀਤੀ ਗਈ ਠੇਕੇਦਾਰ ਕੰਪਨੀ ਟ੍ਰੈਕ 'ਤੇ ਏਆਈ ਤਕਨੀਕ ਨਾਲ ਲੈਸ ਕਰਕੇ ਟੈਸਟ ਕਰਵਾਉਣ ਦਾ ਕੰਮ ਕਰੇਗੀ।
-----------
ਨਵੇਂ ਨਿਯਮਾਂ ਦੀ ਖਾਸ ਗੱਲਾਂ
-ਪੂਰੀ ਤਰ੍ਹਾਂ ਆਟੋਮੈਟਿਡ ਡ੍ਰਾਈਵਿੰਗ ਟੈਸਟ ਟ੍ਰੈਕ ਹੋਵੇਗਾ
-ਕੋਈ ਮੈਨੂਅਲ ਦਖ਼ਲਅੰਦਾਜ਼ੀ ਨਹੀਂ, ਇੰਸਪੈਕਟਰ ਸਿਰਫ ਨਿਗਰਾਨ ਹੋਵੇਗਾ
-ਸਫੇਦ ਪੱਟੀਆਂ 'ਤੇ ਲੱਗੇ ਸੈਂਸਰ ਬੇਸਡ ਬੋਲਾਰਡ, ਗਲਤੀ ਕਰਦਿਆਂ ਹੀ ਫੌਰੀ ਰਿਕਾਰਡ ਕਰੇਗਾ
-ਹਰ ਟੈਸਟ ਵਿਚ ਜੇ ਬੋਲਾਰਡ ਨੂੰ ਦੋ ਵਾਰੀ ਹਿੱਟ ਕੀਤਾ ਤਾਂ ਬਿਨੈਕਾਰ ਫੇਲ੍ਹ ਹੋਵੇਗਾ
-ਪੈਰਲਲ ਪਾਰਕਿੰਗ ਦਾ ਸਮਾਂ 135 ਸਕਿੰਟ ਤੋਂ ਘਟਾ ਕੇ 105 ਸਕਿੰਟ ਕੀਤਾ ਜਾਵੇਗਾ
-ਰਿਵਰਸ ਪਾਰਕਿੰਗ ’ਚ ਵੀ 30 ਸਕਿੰਟ ਦੀ ਕਟੌਤੀ ਕੀਤੀ ਜਾਵੇਗੀ
-ਨਤੀਜਾ ਉਸੇ ਦਿਨ ਸ਼ਾਮ ਨੂੰ ਐੱਸਐੱਮਐੱਸ ਜ਼ਰੀਏ ਮਿਲ ਜਾਵੇਗਾ
----------
ਟੈਸਟ ਵਿਚ ਸਖਤ ਹੋਵੇਗੀ ਨਿਗਰਾਨੀ
ਡ੍ਰਾਈਵਿੰਗ ਟੈਸਟ ਦੌਰਾਨ ਅੱਖਾਂ ਦੀ ਸਕੈਨਿੰਗ ਦੀ ਵਰਤੋਂ ਕਰਕੇ ਬਿਨੈਕਾਰਾਂ ਦੀ ਬਾਰੀਕੀ ਨਾਲ ਪਛਾਣ ਕੀਤੀ ਜਾਵੇਗੀ। ਨਵੀਂ ਤਕਨੀਕ ਡਰਾਈਵਰ ਦੇ ਮੌਜੂਦਾ ਸਮੇਂ ਦੇ ਵਿਵਹਾਰ ਦੀ ਨਿਗਰਾਨੀ ਕਰੇਗੀ, ਜਿਸ ’ਚ ਫੇਸ ਆਈਡੈਂਟੀਫਿਕੇਸ਼ਨ (ਪਛਾਣ), ਸੀਟ ਬੈਲਟ ਪਾਉਣੀ, ਬ੍ਰੇਕ ਲਾਉਣਾ ਤੇ ਰੀਅਰ-ਵਿਊ ਮਿਰਰ ਦੀ ਵਰਤੋਂ ਸ਼ਾਮਲ ਹੈ। ਇਸ ’ਚ ਟੈਸਟ ਦੇਣ ਵਾਲੀ ਗੱਡੀ ਦੇ ਬਾਹਰੋਂ ਕੈਮਰੇ ਦੀ ਨਿਗਰਾਨੀ ਨਾਲ ਗੱਡੀ ਦੇ ਸਾਈਡ ਮਿਰਰ 'ਤੇ ਵੀ ਲੱਗੇ ਕੈਮਰੇ ’ਚ ਰਿਕਾਰਡਿੰਗ ਹੋਵੇਗੀ। ਬਾਇਓਮੈਟ੍ਰਿਕਸ ਤੇ ਅੱਖਾਂ ਦੀ ਸਕੈਨਿੰਗ ਹੋਣ ਕਾਰਨ ਬਿਨੈਕਾਰ ਦੀ ਜਗ੍ਹਾ ਕੋਈ ਹੋਰ ਟੈਸਟ ਨਹੀਂ ਦੇ ਸਕੇਗਾ।
-------------
ਛੇਤੀ ਨਵੀਂ ਤਕਨੀਕ ਨਾਲ ਸ਼ੁਰੂ ਹੋਵੇਗਾ ਟੈਸਟ : ਐੱਸਟੀਸੀ
ਐੱਸਟੀਸੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਡ੍ਰਾਈਵਿੰਗ ਟ੍ਰੈਕ ਨੂੰ ਅਪਗ੍ਰੇਡ ਕਰਨ ਲਈ ਹੋਣ ਵਾਲੇ ਕੰਮ ਦੀ ਰਿਪੋਰਟ ਉਨ੍ਹਾਂ ਕੋਲ ਆ ਚੁੱਕੀ ਹੈ। ਅਪਗ੍ਰੇਡ ਹੋਣ ਮਗਰੋਂ ਕੁਝ ਹੀ ਮਹੀਨਿਆਂ ’ਚ ਨਵੀਂ ਤਕਨੀਕ ਨਾਲ ਟੈਸਟ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।