ਗੈਸ ਟੈਂਕਰ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਕੇ 'ਤੇ ਮੌਤ
ਗੈਸ ਟੈਂਕਰ ਨੇ ਮੋਟਰਸਾਈਕਲ ਸਵਾਰ ਕੁਚਲਿਆ, ਮੌਕੇ 'ਤੇ ਹੀ ਮੌਤ
Publish Date: Tue, 21 Apr 2026 08:05 PM (IST)
Updated Date: Tue, 21 Apr 2026 08:10 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਸਵੇਰੇ ਰਾਮਾਮੰਡੀ-ਢਿੱਲਵਾਂ ਰੋਡ ਤੇ ਇਕ ਨੌਜਵਾਨ ਮੋਟਰਸਾਈਕਲ ਸਵਾਰ ਨੂੰ ਇਕ ਤੇਜ਼ ਰਫ਼ਤਾਰ ਗੈਸ ਟੈਂਕਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਐੱਚਪੀ ਗੈਸ ਟੈਂਕਰ ਆਪਣੀ ਨਿਰਧਾਰਤ ਲੇਨ ’ਚ ਜਾ ਰਿਹਾ ਸੀ। ਉਸ ਸਮੇਂ ਨੌਜਵਾਨ ਮੋਟਰਸਾਈਕਲ ਸਵਾਰ ਨੇ ਅਚਾਨਕ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ। ਚਸ਼ਮਦੀਦਾਂ ਅਨੁਸਾਰ ਮੋੜ ਲੈਂਦੇ ਸਮੇਂ ਨੌਜਵਾਨ ਦੇ ਕੱਪੜੇ ਮੋਟਰਸਾਈਕਲ ਜਾਂ ਟੈਂਕਰ ਦੇ ਕਿਸੇ ਹਿੱਸੇ ’ਚ ਫਸ ਗਏ। ਉਹ ਆਪਣਾ ਸੰਤੁਲਨ ਗੁਆ ਬੈਠਾ ਤੇ ਸਿੱਧਾ ਟੈਂਕਰ ਦੇ ਟਾਇਰਾਂ ਦੇ ਹੇਠਾਂ ਡਿੱਗ ਪਿਆ। ਹਾਦਸੇ ਤੋਂ ਤੁਰੰਤ ਬਾਅਦ ਸੜਕ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸੂਚਨਾ ਮਿਲਣ ਤੇ ਇਕ ਪੁਲਿਸ ਟੀਮ ਮੌਕੇ ਤੇ ਪੁੱਜੀ, ਸਥਿਤੀ ਨੂੰ ਕਾਬੂ ’ਚ ਲਿਆਂਦਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਜਿਵੇਂ ਹੀ ਘਟਨਾ ਦੀ ਖ਼ਬਰ ਮ੍ਰਿਤਕ ਦੇ ਪਰਿਵਾਰ ਨੂੰ ਮਿਲੀ ਉਹ ਹਸਪਤਾਲ ਪੁੱਜੇ। ਪੁਲਿਸ ਅਨੁਸਾਰ ਟੈਂਕਰ ਡਰਾਈਵਰ ਹਾਦਸੇ ਤੋਂ ਤੁਰੰਤ ਬਾਅਦ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਟੈਂਕਰ ਨੂੰ ਜ਼ਬਤ ਕਰ ਲਿਆ ਹੈ ਤੇ ਪੀੜਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮੁਲਜ਼ਮ ਡਰਾਈਵਰ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਉਸ ਨੂੰ ਜਲਦੀ ਹੀ ਫੜ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ।