ਗੜ੍ਹਸ਼ੰਕਰ ਪੁਲਿਸ ਦੀ ਨਾਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਕਾਰਵਾਈ: ਦੋ ਤਸਕਰ ਗ੍ਰਿਫ਼ਤਾਰ
ਗੜ੍ਹਸ਼ੰਕਰ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਪੁਲਿਸ ਵੱਲੋਂ ਚਲਾਈ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਦੀਆਂ ਸੰਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Publish Date: Thu, 30 Apr 2026 11:05 AM (IST)
Updated Date: Thu, 30 Apr 2026 11:07 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਗੜ੍ਹਸ਼ੰਕਰ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਪੁਲਿਸ ਵੱਲੋਂ ਚਲਾਈ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਦੀਆਂ ਸੰਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਹਿਰ ਦੇ ਪੁਲ ਨੇੜਿਓਂ ਧਮਾਈ ਦਾ ਨੌਜਵਾਨ ਗ੍ਰਿਫ਼ਤਾਰ
ਪੁਲਿਸ ਅਨੁਸਾਰ ਏ.ਐੱਸ.ਆਈ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਬਗਵਾਈ ਤੋਂ ਪਨਾਮ ਸਾਈਡ ਨਹਿਰ ਵੱਲ ਜਾ ਰਹੀ ਸੀ। ਇਸ ਦੌਰਾਨ ਨਹਿਰ ਪਨਾਮ ਦੇ ਪੁਲ ਕੋਲ ਇੱਕ ਨੌਜਵਾਨ ਹੱਥ ਵਿੱਚ ਭਾਰ ਵਾਲਾ ਪਲਾਸਟਿਕ ਬੋਰਾ ਚੁੱਕੇ ਹੋਏ ਨਜ਼ਰ ਆਇਆ।
ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ ਗਿਆ। ਉਸਨੇ ਆਪਣੀ ਪਛਾਣ ਅਮਨਦੀਪ ਭੱਟੀ ਉਰਫ ਅਮਨਾ ਪੁੱਤਰ ਮਲਕੀਤ ਸਿੰਘ ਵਾਸੀ ਧਮਾਈ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਦੱਸੀ।
ਪੁਲਿਸ ਨੇ ਦਾਅਵਾ ਕੀਤਾ ਕਿ ਤਲਾਸ਼ੀ ਦੌਰਾਨ ਉਸਦੇ ਬੋਰੇ ਵਿੱਚੋਂ ਕਥਿਤ ਤੌਰ ’ਤੇ 14 ਬੋਤਲਾਂ ਦੇਸੀ ਸੰਤਰਾ ਮਾਰਕਾ ਸ਼ਰਾਬ (750 ਐੱਮ.ਐੱਲ.), ਜੋ ਕਥਿਤ ਤੌਰ ’ਤੇ ਸਿਰਫ਼ ਹਿਮਾਚਲ ਪ੍ਰਦੇਸ਼ ਵਿੱਚ ਵਿਕਰੀ ਲਈ ਸੀ, ਬਰਾਮਦ ਹੋਈਆਂ।
ਇਬਰਾਹਿਮਪੁਰ ਪੁਲ ਕੋਲ ਦੂਜੀ ਸਫਲਤਾ: ਸ਼ੰਮੀ ਨਾਂ ਦਾ ਤਸਕਰ ਕਾਬੂ
ਇੱਕ ਹੋਰ ਕਾਰਵਾਈ ਵਿੱਚ ਏ.ਐੱਸ.ਆਈ ਰਾਜ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਪੁਲ ਨਹਿਰ ਇਬਰਾਹਿਮਪੁਰ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਨਹਿਰ ਦੇ ਕੱਚੇ ਰਸਤੇ ’ਤੇ ਇੱਕ ਨੌਜਵਾਨ ਪਲਾਸਟਿਕ ਦਾ ਭਾਰੀ ਬੋਰਾ ਚੁੱਕੇ ਹੋਏ ਦਿਖਾਈ ਦਿੱਤਾ।
ਪੁਲਿਸ ਮੁਤਾਬਕ ਸ਼ੱਕੀ ਹਾਲਤ ਦੇ ਚਲਦੇ ਉਸ ਵਿਅਕਤੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ, ਜਿਸਨੇ ਆਪਣੀ ਪਛਾਣ ਬਲਵਿੰਦਰ ਸਿੰਘ ਉਰਫ ਸ਼ੰਮੀ ਪੁੱਤਰ ਸਰਬਜੀਤ ਸਿੰਘ ਵਾਸੀ ਦੇਨੋਵਾਲ ਖੁਰਦ ਵਜੋਂ ਦੱਸੀ।
ਪੁਲਿਸ ਨੇ ਦੱਸਿਆ ਕਿ ਬੋਰੇ ਦੀ ਤਲਾਸ਼ੀ ਦੌਰਾਨ ਕਥਿਤ ਤੌਰ ’ਤੇ 10 ਬੋਤਲਾਂ ਠੇਕਾ ਪੰਜਾਬ ਰਸਭਰੀ ਮਾਰਕਾ ਸ਼ਰਾਬ (750 ਐੱਮ.ਐੱਲ.) ਬਰਾਮਦ ਹੋਈਆਂ।