ਦੂਜੇ ਸ਼ਹਿਰਾਂ ਤੋਂ ਆ ਕੇ ਜਲੰਧਰ ’ਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਤਿੰਨ ਮੁਲਜ਼ਮ ਗ੍ਰਿਫ਼ਤਾਰ
ਦੂਜੇ ਸ਼ਹਿਰਾਂ ਤੋਂ ਆ ਕੇ ਜਲੰਧਰ ’ਚ ਲੁੱਟਪਾਟ ਕਰਨ ਵਾਲਾ ਗਿਰੋਹ ਕਾਬੂ, ਤਿੰਨ ਮੁਲਜ਼ਮ ਗ੍ਰਿਫ਼ਤਾਰ
Publish Date: Sat, 13 Dec 2025 09:16 PM (IST)
Updated Date: Sat, 13 Dec 2025 09:18 PM (IST)

---ਅੰਮ੍ਰਿਤਸਰ, ਲੁਧਿਆਣਾ ਤੇ ਧੰਨੋਵਾਲੀ ਦੇ ਰਹਿਣ ਵਾਲੇ ਮੁਲਜ਼ਮਾਂ ਵੱਲੋਂ ਦੋ ਦਰਜਨ ਤੋਂ ਵੱਧ ਵਾਰਦਾਤਾਂ, ਹਥਿਆਰ ਤੇ ਲੁੱਟੀਆਂ ਮੋਟਰਸਾਈਕਲਾਂ ਬਰਾਮਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਲੁੱਟ-ਖੋਹ ਤੇ ਝਪਟਮਾਰ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਦਰਮਿਆਨ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਦੂਜੇ ਸ਼ਹਿਰਾਂ ਤੋਂ ਆ ਕੇ ਜਲੰਧਰ ’ਚ ਲੁੱਟਪਾਟ ਦੀਆਂ ਵਾਰਦਾਤਾਂ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ, ਲੁਧਿਆਣਾ ਦੇ ਰਹਿਣ ਵਾਲੇ ਜਤਿੰਦਰ ਸਿੰਘ ਤੇ ਧੰਨੋਵਾਲੀ ਦੇ ਰਹਿਣ ਵਾਲੇ ਸੱਨੀ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਲੁੱਟੀਆਂ ਗਈਆਂ ਮੋਟਰਸਾਈਕਲਾਂ ਤੇ ਵਾਰਦਾਤ ’ਚ ਵਰਤੇ ਗਏ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਨਾ ਸਿਰਫ਼ ਜਲੰਧਰ ’ਚ, ਸਗੋਂ ਨੇੜਲੇ ਹੋਰ ਸ਼ਹਿਰਾਂ ਵਿਚ ਵੀ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਹੈ ਕਿ ਉਹ ਹੁਣ ਤੱਕ ਦੋ ਦਰਜਨ ਤੋਂ ਵੱਧ ਵਾਰਦਾਤਾਂ ’ਚ ਸ਼ਾਮਲ ਰਹੇ ਹਨ। ਜਾਂਚ ਮੁਤਾਬਕ ਮੁਲਜ਼ਮ ਰਾਤ ਦੇ ਸਮੇਂ ਸੁੰਨਸਾਨ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਤੇ ਵਾਰਦਾਤ ਤੋਂ ਬਾਅਦ ਦੂਜੇ ਸ਼ਹਿਰਾਂ ਵੱਲ ਫਰਾਰ ਹੋ ਜਾਂਦੇ ਸਨ। ਗੁਰੂ ਨਾਨਕ ਮਿਸ਼ਨ ਚੌਕ ’ਤੇ ਖੋਹਿਆ ਸੀ ਮੋਟਰਸਾਈਕਲ ਗ੍ਰਿਫ਼ਤਾਰੀ ਤੋਂ ਪਹਿਲਾਂ ਇਸੇ ਗਿਰੋਹ ਨੇ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਤੜਕੇ ਕਰੀਬ ਤਿੰਨ ਵਜੇ ਇਕ ਨੌਜਵਾਨ ਤੋਂ ਦਾਤਰ ਦੇ ਜ਼ੋਰ ’ਤੇ ਮੋਟਰਸਾਈਕਲ ਖੋਹਿਆ ਸੀ। ਇਸ ਮਾਮਲੇ ’ਚ ਵਡਾਲਾ ਚੌਕ ਨਿਵਾਸੀ ਵਿਜੈ ਕੁਮਾਰ ਨੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਵਿਜੈ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਜਸਬੀਰ ਉਰਫ਼ ਜੱਸੀ ਤੇ ਹਰਿਸ਼ ਨਾਲ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਤਿੰਨੇ ਇਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪਹੁੰਚੇ, ਬਿਨਾਂ ਨੰਬਰ ਪਲੇਟ ਵਾਲੀ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਉਨ੍ਹਾਂ ਕੋਲ ਆ ਕੇ ਰੁਕ ਗਏ। ਅਚਾਨਕ ਮੁਲਜ਼ਮਾਂ ਨੇ ਦਾਤਰ ਕੱਢ ਕੇ ਉਨ੍ਹਾਂ ਨੂੰ ਧਮਕਾਇਆ। ਹਥਿਆਰ ਦੇਖ ਕੇ ਤਿੰਨੇ ਘਬਰਾ ਗਏ ਤੇ ਕੁਝ ਸਮਝਣ ਤੋਂ ਪਹਿਲਾਂ ਹੀ ਲੁਟੇਰੇ ਉਨ੍ਹਾਂ ਦੀ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਮੂੰਹ ਢੱਕ ਕੇ ਕਰਦੇ ਸਨ ਵਾਰਦਾਤ ਪੀੜਤ ਨੇ ਦੱਸਿਆ ਕਿ ਵਾਰਦਾਤ ਇੰਨੀ ਤੇਜ਼ੀ ਨਾਲ ਹੋਈ ਕਿ ਉਹ ਮੁਲਜ਼ਮਾਂ ਬਾਰੇ ਵਧੇਰੇ ਜਾਣਕਾਰੀ ਨਹੀਂ ਲੈ ਸਕਿਆ। ਤਿੰਨੇ ਮੁਲਜ਼ਮਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ ਤੇ ਲੁੱਟ ਕਰਨ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਉੱਥੋਂ ਨਿਕਲ ਗਏ। ਸ਼ਿਕਾਇਤ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਮੁਲਜ਼ਮਾਂ ਦੇ ਕਈ ਸਾਥੀ ਅਜੇ ਵੀ ਫਰਾਰ ਪੁਲਿਸ ਨੇ ਘਟਨਾ ਸਥਾਨ ’ਤੇ ਆਸ-ਪਾਸ ਦੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ, ਜਿਸ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਹੋਰ ਸਾਥੀ ਵੀ ਹਨ ਜੋ ਹਾਲੇ ਫਰਾਰ ਹਨ। ਪੁਲਿਸ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਉਨ੍ਹਾਂ ਨਾਲ ਜੁੜੀਆਂ ਹੋਰ ਵਾਰਦਾਤਾਂ ਨੂੰ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।