ਸ਼ਾਂਤੀ ਵਾਰਤਾ ਵਿਚਾਲੇ ਮਾਈਨ

ਸ਼ਾਂਤੀ ਵਾਰਤਾ ਵਿਚਾਲੇ ਮਾਈਨ ਹਟਾਉਣ ਪਹੁੰਚੀ ਸੀ ਅਮਰੀਕੀ ਜਲ ਸੈਨਾ
ਤੇਹਰਾਨ ਨੇ ਹੋਰਮੁਜ਼ ’ਤੇ ਕਬਜ਼ਾ ਕੀਤਾ ਸਖ਼ਤ
ਤੇਹਰਾਨ (ਏਐੱਨਆਈ) : ਲਗਪਗ 40 ਦਿਨਾਂ ਤੱਕ ਚੱਲੇ ਫੌਜੀ ਟਕਰਾਅ ਤੋਂ ਬਾਅਦ ਇਸਲਾਮਾਬਾਦ ’ਚ ਅਮਰੀਕਾ ਤੇ ਈਰਾਨ ਵਿਚਾਲੇ ਪਿਛਲੇ ਦਿਨੀਂ 21 ਘੰਟਿਆਂ ਤੱਕ ਚੱਲੀ ਸ਼ਾਂਤੀ ਵਾਰਤਾ ਆਖ਼ਿਰਕਾਰ ਫੇਲ੍ਹ ਹੋ ਗਈ ਸੀ। ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਲੀਬਾਫ ਨੇ ਇਕ ਇੰਟਰਵਿਊ ’ਚ ਗੱਲਬਾਤ ਟੁੱਟਨ ਪਿੱਛੇ ਦੇ ਮੁੱਖ ਕਾਰਨ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਇਸ ਲਈ ਅਮਰੀਕਾ ਦੀ ਕਾਹਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੱਲਬਾਤ ਦੌਰਾਨ ਹੀ ਅਮਰੀਕੀ ਮਾਈਨਸਵੀਪਰ ਹੋਰਮੁਜ਼ ਸਟੇਟ ’ਚ ਵਿਛੀਆਂ ਸਮੁੰਦਰੀ ਬਾਰੂਦੀ ਸੁਰੰਗਾਂ ਹਟਾਉਣ ਪਹੁੰਚ ਗਏ, ਜਿਸ ਨਾਲ ਮਾਹੌਲ ਵਿਗੜ ਗਿਆ। ਅਲ ਜ਼ਜ਼ੀਰਾ ਨੂੰ ਦਿੱਤੀ ਇੰਟਰਵਿਊ ’ਚ ਗਲੀਬਾਫ ਨੇ ਕਿਹਾ ਕਿ ਈਰਾਨੀ ਅਧਿਕਾਰੀਆਂ ਨੇ ਹੋਰਮੁਜ਼ ’ਚ ਅਮਰੀਕੀ ਜਲ ਸੈਨਿਕਾਂ ਦੀਆਂ ਗਤੀਵਿਧੀਆਂ ਦਾ ਸਖ਼ ਵਿਰੋਧ ਕੀਤਾ। ਉਨ੍ਹਾਂ ਦੇ ਅਨੁਸਾਰ,‘ਹੋਰਮੁਜ਼ ਇਸਲਾਮਿਕ ਗਣਰਾਜ ਦੇ ਕਬਜ਼ੇ ’ਚ ਹੈ ਤੇ ਸਾਡੇ ਅਧਿਕਾਰ ਖੇਤਰ ’ਚ ਮਾਈਨ ਸਾਫ਼ ਕਰਨ ਦੀ ਅਮਰੀਕੀ ਕੋਸ਼ਿਸ਼ ਜੰਗਬੰਦੀ ਦੀ ਖੁੱਲ੍ਹੀ ਉਲੰਘਣਾ ਹੈ।’ ਇਸ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਤਣਾਅ ਤੇਜ਼ੀ ਨਾਲ ਵਧ ਗਿਆ।
ਗਲੀਬਾਫ ਨੇ ਦਾਅਵਾ ਕੀਤਾ ਕਿ ਸਥਿਤੀ ਨਵੇਂ ਸੰਘਰਸ਼ ਦੀ ਦਹਿਲੀਜ਼ ਤੱਕ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕੀ ਵਫਦ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਜੇ ਉਨ੍ਹਾਂ ਮਾਈਨ ਸਵੀਪਰ ਆਪਣੇ ਸਥਿਤੀ ਤੋਂ ਅੱਗੇ ਵਧ ਤਾਂ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ। ਈਰਾਨ ਨੇ ਅਮਰੀਕੀ ਜਹਾਜ਼ਾਂ ਨੂੰ ਪਿੱਛੇ ਹਟਨ ਲਈ 15 ਮਿੰਟਾਂ ਦਾ ਸਮਾਂ ਦਿੱਤਾ, ਜਿਸ ਤੋਂ ਬਾਅਦ ਉਹ ਪਰਤ ਗਏ। ਇਸ ਦੌਰਾਨ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਦੇ ਨੇੜੇ ਆਉਂਦੇ ਹੀ ਈਰਾਨ ਨੇ ਹੋਰਮੁਜ਼ ਸਮੁੰਦਰੀ ਮਾਰਗ ’ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਦਿੱਤੀ ਹੈ। ਏਪੀ ਦੇ ਅਨੁਸਾਰ ਗਲੀਬਾਫ ਨੇ ਅਮਰੀਕੀ ਨਾਕੇਬੰਦੀ ਨੂੰ ਅਨਾੜੀ ਤੇ ਅਗਿਆਨਤਾਪੂਰਨ ਫੈਸਲਾ ਦੱਸਦੇ ਹੋਏ ਕਿਹਾ ਕਿ ਜੇ ਈਰਾਨ ਇਸ ਮਾਰਗ ਦੀ ਵਰਤੋਂ ਨਹੀਂ ਕਰੇਗਾ ਤਾਂ ਹੋਰ ਦੇਸ਼ਾਂ ਲਈ ਵੀ ਇਥੋਂ ਲੰਘਣਾ ਮੁਸ਼ਕਿਲ ਹੋਵੇਗਾ। ਉਨ੍ਹਾਂ ਨੇ ਮੰਨਿਆ ਕਿ ਅਮਰੀਕਾ ਦੇ ਪ੍ਰਤੀ ਈਰਾਨ ਦੀ ਬੇਭਰੋਸਗੀ ਡੂੰਘੀ ਹੈ। ਹਾਲਾਂਕਿ ਸ਼ਾਂਤੀ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਕਈ ਬੁਨਿਆਦੀ ਮੁੱਦੇ ਹੁਣ ਵੀ ਅਣਸੁਲਝੇ ਹਨ।
ਜ਼ਿਕਰਯੋਗ ਹੈ ਕਿ ਲਿਬਨਾਨ ’ਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਈਰਾਨ ਨੇ ਹੋਰਮੁਜ਼ ਨੂੰ 10 ਦਿਨਾਂ ਲਈ ਅਸਥਾਈ ਤੌਰ’ਤੇ ਖੋਲ੍ਹ ਦਿੱਤਾ ਸੀ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਮਝੌਤੇ ਤੱਕ ਨਾਕੇਬੰਦੀ ਜਾਰੀ ਰੱਖਣ ਦੇ ਫੈਸਲੇ ਨੇ ਤਣਾਅ ਨੂੰ ਫਿਰ ਵਧਾ ਦਿੱਤਾ। ਇਸ ਦੇ ਜਵਾਬ ’ਚ ਈਰਾਨ ਨੇ ਜਲਡਮਰੂਮੱਧ ਨੂੰ ਮੁੜ ਬੰਦ ਕਰ ਦਿੱਤਾ।
ਦੁਨੀਆ ਦੀ ਊਰਜਾ ਸਪਲਾਈ ਦੇ ਲਿਹਾਜ਼ ਤੋਂ ਬੇਹੱਦ ਮਹੱਤਵਪੂਰਨ ਹੋਰਮੁਜ਼ ਜਲਡਮਰੂਮੱਧ ਤੋਂ ਲਗਪਗ 20 ਫੀਸਦ ਕੱਚਾ ਤੇਲ ਲੰਘਦਾ ਹੈ। ਪਿਛਲੇ ਲਗਪਗ 50 ਦਿਨਾਂ ਤੋਂ ਤੇਲ ਤੇ ਗੈਸ ਸਪਲਾਈ ਪ੍ਰਭਾਵਿਤ ਰਹਿਣ ਦੇ ਕਾਰਨ ਕਈ ਦੇਸ਼ਾਂ ’ਚ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ ਤੇ ਵਿਸ਼ਵ ਪੱਧਰ ’ਤੇ ਮਹਿੰਗਾਈ ਦਾ ਦਬਾਅਦ ਲਗਾਤਾਰ ਵਧ ਰਿਹਾ ਹੈ।