ਫਰਨੀਚਰ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਫਰਨੀਚਰ ਦੀ ਦੁਕਾਨ ’ਤੇ ਲੱਗੀ ਅੱਗ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
Publish Date: Mon, 27 Apr 2026 10:44 PM (IST)
Updated Date: Mon, 27 Apr 2026 10:46 PM (IST)

- ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਪਾਇਆ ਕਾਬੂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮਾਡਲ ਹਾਊਸ ਵਿੱਚ ਸਥਿਤ ਇੱਕ ਫਰਨੀਚਰ ਦੀ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਲੱਗੀ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੂੰ ਕਾਫੀ ਮਸ਼ੱਕਤ ਕਰਨੀ ਪਈ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਤਾਂ ਤੱਕ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਡਲ ਹਾਊਸ ਵਿੱਚ ਸਥਿਤ ਗੁਰੂ ਕਿਰਪਾ ਫਰਨੀਚਰ ਹਾਊਸ ਦੇ ਮਾਲਕ ਜਨਕ ਰਾਜ ਭਗਤ ਨੇ ਦੱਸਿਆ ਕਿ ਸੋਮਵਾਰ ਸ਼ਾਮ 8 ਵਜੇ ਦੇ ਕਰੀਬ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ। ਤਕਰੀਬਨ 9 ਵਜੇ ਦੇ ਕਰੀਬ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੀ ਤੀਜੀ ਮੰਜ਼ਿਲ ਤੋਂ ਧੂਆਂ ਨਿਕਲ ਰਿਹਾ ਹੈ। ਜਿਸ ਤੋਂ ਬਾਅਦ ਉਹ ਤੁਰੰਤ ਦੁਕਾਨ ’ਤੇ ਪਹੁੰਚੇ। ਜਦੋਂ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਖੋਲ ਕੇ ਉੱਤੇ ਦੇਖਿਆ ਤਾਂ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ, ਜੋ ਮੌਕੇ ’ਤੇ ਪਹੁੰਚੀ। ਫਾਇਰ ਬ੍ਰਗੇਡ ਦੀਆਂ ਇੱਕ ਤੋਂ ਬਾਅਦ ਇੱਕ ਛੇ ਗੱਡੀਆਂ ਮੌਕੇ ’ਤੇ ਆਈਆਂ ਅਤੇ ਕਾਫੀ ਮਸ਼ੱਕਤ ਨਾਲ ਡੇਢ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ, ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ।