ਨੂਰਮਹਿਲ ਬਲਾਕ ਦੇ 35 ਪਿੰਡਾਂ ਲਈ ਸਵਾ ਕਰੋੜ ਦੇ ਫੰਡ ਜਾਰੀ
ਨੂਰਮਹਿਲ ਬਲਾਕ ਦੇ 35 ਪਿੰਡਾਂ ਲਈ 1.19 ਕਰੋੜ ਰੁਪਏ ਦੇ ਫੰਡ ਜਾਰੀ
Publish Date: Wed, 06 May 2026 08:23 PM (IST)
Updated Date: Wed, 06 May 2026 08:23 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਬਲਾਕ ਨੂਰਮਹਿਲ ਦੇ 35 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਲਈ 1 ਕਰੋੜ 19 ਲੱਖ 50 ਹਜ਼ਾਰ ਰੁਪਏ ਦੇ ਵਿਕਾਸ ਫੰਡ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਬੀਡੀਪੀਓ ਦਫ਼ਤਰ ਨੂਰਮਹਿਲ ਵਿਖੇ ਪੰਚਾਇਤ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਰਕਮ ਕਿਸਾਨਾਂ ਦੇ ਡੇਰਿਆਂ ਦੇ ਰਸਤੇ ਪੱਕੇ ਕਰਨ, ਛੱਪੜਾਂ ਦੀ ਸਫਾਈ, ਗੰਦੇ ਪਾਣੀ ਦੇ ਨਿਕਾਸ ਪ੍ਰਬੰਧ, ਥਾਪਰ ਮਾਡਲ ਤੇ ਕੂੜੇ ਦੀ ਸੰਭਾਲ ਵਰਗੇ ਵਿਕਾਸ ਕਾਰਜਾਂ ’ਤੇ ਖਰਚ ਕੀਤੀ ਜਾਵੇਗੀ। ਉਨ੍ਹਾਂ ਪੰਚਾਇਤਾਂ ਨੂੰ ਤੁਰੰਤ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਵਿਧਾਇਕ ਮਾਨ ਨੇ ਕਿਹਾ ਕਿ ਇਹ ਗ੍ਰਾਂਟ ਬਿਨਾਂ ਕਿਸੇ ਭੇਦਭਾਵ ਦੇ ਜਾਰੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਪੰਚਾਇਤਾਂ ਕੋਲ ਫੰਡ ਹੋਣ ਦੇ ਬਾਵਜੂਦ ਵਿਕਾਸ ਕਾਰਜ ਨਹੀਂ ਕਰਵਾਏ ਜਾ ਰਹੇ। ਅਜਿਹੇ ਮਾਮਲਿਆਂ ’ਚ ਪੰਚਾਂ ਨੂੰ ਅੱਗੇ ਆ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਤੇ ਲੋੜ ਪੈਣ ’ਤੇ ਪ੍ਰਬੰਧਕ ਨਿਯੁਕਤ ਕਰਕੇ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਬੀਡੀਪੀਓ ਨੂਰਮਹਿਲ ਵਿਆਸ ਦੇਵ, ਨਾਇਬ ਤਹਿਸੀਲਦਾਰ ਗਗਨਦੀਪ ਸਿੰਘ, ਐੱਸਐੱਚਓ ਬਲਜਿੰਦਰ ਸਿੰਘ, ਐੱਸਡੀਓ ਮੰਡੀ ਬੋਰਡ ਮਨਪ੍ਰੀਤ ਸਿੰਘ, ਜੇਈ ਜਸਵੀਰ ਸਿੰਘ, ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ, ਬਲਾਕ ਸੰਮਤੀ ਨੂਰਮਹਿਲ ਦੇ ਚੇਅਰਮੈਨ ਚਰਨਜੀਤ ਰਾਏ, ਜਸਵੀਰ ਸਿੰਘ, ਕੁਲਵੰਤ ਸਿੰਘ, ਰਣਯੋਧ ਸਿੰਘ, ਕੋਆਰਡੀਨੇਟਰ ਨਿਰਮਲ ਸਿੰਘ, ਅਮਰੀਕ ਸਿੰਘ ਤਲਵਣ, ਬਚਿੱਤਰ ਸਿੰਘ ਜੌਹਲ ਤੇ ਗੁਰਪ੍ਰੀਤ ਸਿੰਘ ਰੰਧਾਵਾ ਸਮੇਤ ਹੋਰ ਹਾਜ਼ਰ ਸਨ।