ਜਾਸ, ਜਲੰਧਰ : ਮਹਾਨਗਰ

ਜਾਸ, ਜਲੰਧਰ : ਮਹਾਨਗਰ ’ਚ ਸ਼ੁੱਕਰਵਾਰ ਨੂੰ ਦਿਨ ਭਰ ਗਰਮ ਹਵਾਵਾਂ ਚੱਲਦੀਆਂ ਰਹੀਆਂ, ਜਿਸ ਕਾਰਨ ਹਰ ਕੋਈ ਪਰੇਸ਼ਾਨ ਦਿਸਿਆ। ਤਾਪਮਾਨ 42.4 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚ ਤਾਪਮਾਨ ਹੈ। ਇਸ ਤੋਂ ਇਲਾਵਾ ਰਾਤ ਦਾ ਤਾਪਮਾਨ ਵੀ 24.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 24 ਘੰਟੇ ਪਹਿਲਾਂ ਵੱਧ ਤੋਂ ਵੱਧ ਤਾਪਮਾਨ 41.5 ਤੇ ਘੱਟੋ-ਘੱਟ ਤਾਪਮਾਨ 21.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਦੌਰਾਨ ਕਈ ਇਲਾਕਿਆਂ ’ਚ 4 ਤੋਂ 6 ਘੰਟੇ ਤੱਕ ਬਿਜਲੀ ਕੱਟਾਂ ਨੇ ਲੋਕਾਂ ਦੀ ਪਰੇਸ਼ਾਨੀ ਕਈ ਗੁਣਾ ਵਧਾ ਦਿੱਤੀ। ਹਾਲਾਂਕਿ ਇਹ ਕੱਟ ਪਹਿਲਾਂ ਤੋਂ ਹੀ ਤੈਅ ਸਨ ਤੇ ਲੋਕਾਂ ਨੇ ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਕਰ ਲਿਆ ਸੀ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਗਰਮੀ ਕਾਰਨ ਵਾਹਨ ਚਾਲਕਾਂ ਨੂੰ ਵੀ ਪਰੇਸ਼ਾਨੀ ਝੱਲਣੀ ਪਈ।
ਡਾਕਟਰਾਂ ਦੀ ਸਲਾਹ ਹੈ ਕਿ ਵੱਧ ਗਰਮੀ ’ਚ ਘਰੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਲੰਬੇ ਸਮੇਂ ਤੱਕ ਧੁੱਪ ਤੇ ਗਰਮੀ ਵਿਚ ਰਹਿਣ ਨਾਲ ਲੂ ਲੱਗ ਸਕਦੀ ਹੈ। ਡਾ. ਕਪਿਲ ਗੁਪਤਾ ਅਨੁਸਾਰ, ਲੂ ਤੋਂ ਬਚਣ ਲਈ ਛੱਤਰੀ ਲੈ ਕੇ ਜਾਓ ਜਾਂ ਸਿਰ 'ਤੇ ਟੋਪੀ ਪਾ ਕੇ ਰੱਖੋ, ਪਾਣੀ ਦੀ ਬੋਤਲ ਆਪਣੇ ਨਾਲ ਰੱਖੋ, ਗਲੂਕੋਜ਼ ਆਦਿ ਦਾ ਸੇਵਨ ਕਰਦੇ ਰਹੋ, ਦੁੱਧ, ਦਹੀਂ ਤੇ ਲੱਸੀ ਦਾ ਜ਼ਿਆਦਾ ਸੇਵਨ ਕਰੋ। ਨਾਰੀਅਲ ਪਾਣੀ ਵੀ ਪੀ ਸਕਦੇ ਹੋ, ਜਿਸ ਨਾਲ ਸਰੀਰ ਵਿਚ ਪਾਣੀ ਦਾ ਸੰਤੁਲਨ ਬਣਿਆ ਰਹੇਗਾ ਤੇ ਊਰਜਾ ਵੀ ਮਿਲੇਗੀ। ਇਸ ਦੌਰਾਨ ਬੱਚਿਆਂ ਅਤੇ ਵੱਡਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿਚ ਤਾਪਮਾਨ ’ਚ ਵਾਧੇ ਦੀ ਸੰਭਾਵਨਾ ਪ੍ਰਗਟਾਈ ਹੈ, ਜਦਕਿ 28 ਅਪ੍ਰੈਲ ਨੂੰ ਮੀਂਹ ਹਨੇਰੀ ਦੀ ਸੰਭਾਵਨਾ ਬਣ ਸਕਦੀ ਹੈ।
---
ਕੂੜੇ ਤੇ ਪੱਤਿਆਂ ਨੂੰ ਅੱਗ ਲਾਉਣ ਤੋਂ ਕਰੋ ਗੁਰੇਜ਼
ਗੁਰੂ ਨਾਨਕਪੁਰਾ ਫਾਟਕ ਰੋਡ ਦੇ ਨਾਲ ਲੱਗਦੇ ਰੇਲਵੇ ਦੇ ਖੇਤਰ ’ਚ ਸਫੈਦਿਆਂ ਨੂੰ ਅੱਗ ਲੱਗ ਗਈ। ਲਗਪਗ ਦੋ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਅੱਗ ਬੁਝਾਉਣ ਵਾਲੀ ਟੀਮ ਨੇ ਅੱਗ 'ਤੇ ਕਾਬੂ ਪਾਇਆ ਪਰ ਅੱਗ ਲੱਗਣ ਕਾਰਨ ਰੇਲਵੇ ਕਾਲੋਨੀ ਤੇ ਗੁਰੂ ਨਾਨਕਪੁਰਾ ਰੋਡ ’ਤੇ ਧੂੰਆਂ ਫੈਲ ਜਾਣ ਕਾਰਨ ਉਥੇ ਤੋਂ ਲੰਘ ਰਹੇ ਵਾਹਨ ਚਾਲਕਾਂ ਨੂੰ ਵੀ ਪਰੇਸ਼ਾਨੀ ਹੋਈ। ਮੌਕੇ 'ਤੇ ਅੱਗ ਬੁਝਾਉਣ ਵਾਲੀ ਦੋ ਗੱਡੀਆਂ ਪੁੱਜੀਆਂ ਪਰ ਰੇਲਵੇ ਵੱਲੋਂ ਸਫੈਦਾਂ ਦੇ ਏਰੀਆ ’ਚ ਚਾਰ ਦੀਵਾਰੀ ਕੀਤੇ ਜਾਣ ਅੱਗ ਬੁਝਾਉਣ ਵਾਲੀਆਂ ਟੀਮਾਂ ਨੂੰ ਅੱਗ 'ਤੇ ਕਾਬੂ ਪਾਉਣ ’ਚ ਮੁਸ਼ਕਲ ਪੇਸ਼ ਆਈ। ਵਿਭਾਗ ਅਨੁਸਾਰ, ਕਿਸੇ ਸ਼ਰਾਰਤੀ ਤੱਤ ਵੱਲੋਂ ਬੀੜੀ ਤੇ ਸਿਗਰਟ ਸੁੱਟਣ ਕਾਰਨ ਹੀ ਅੱਗ ਲੱਗੀ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕਪੁਰਾ ਫਾਟਕ ਨੇੜੇ ਰੇਲਵੇ ਦੀ ਕੰਧ ਪਿੱਛੇ ਵੀ ਅੱਗ ਲੱਗੀ ਸੀ। ਹਾਲਾਂਕਿ ਸਥਾਨਕ ਲੋਕਾਂ ਅਨੁਸਾਰ ਇਸ ਸੜਕ 'ਤੇ ਲੱਗਣ ਵਾਲੇ ਫੜ੍ਹੀ ਵਾਲਿਆਂ ਵੱਲੋਂ ਕੰਧ ਪਿੱਛੇ ਫਲ, ਸਬਜ਼ੀਆਂ ਤੇ ਲਿਫਾਫਿਆਂ ਆਦਿ ਦਾ ਕੂੜਾ ਸੁੱਟਿਆ ਜਾਂਦਾ ਹੈ, ਜਿਸ ਕਾਰਨ ਅੱਗ ਜ਼ਿਆਦਾ ਫੈਲ ਗਈ ਸੀ।