ਚੈਰੀਟੇਬਲ ਟਰੱਸਟ ’ਚ 6 ਲੱਖ ਤੋਂ ਵੱਧ ਦੀ ਹੇਰਾਫੇਰੀ, ਮਾਮਲਾ ਦਰਜ
ਚੈਰੀਟੇਬਲ ਟਰੱਸਟ ’ਚ 6 ਲੱਖ ਤੋਂ ਵੱਧ ਦੀ ਹੇਰਾਫੇਰੀ, ਮਾਮਲਾ ਦਰਜ
Publish Date: Tue, 05 May 2026 10:05 PM (IST)
Updated Date: Tue, 05 May 2026 10:08 PM (IST)

--ਟਰੱਸਟ ਫੰਡ ’ਚ ਗੜਬੜੀ, ਰਿਕਾਰਡ ਨਾਲ ਛੇੜਛਾੜ ਤੇ ਧੋਖਾਧੜੀ ਦੇ ਦੋਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇਕ ਚੈਰੀਟੇਬਲ ਟਰੱਸਟ ਦੇ ਫੰਡ ’ਚ ਹੇਰਾਫੇਰੀ ਤੇ ਧੋਖਾਧੜੀ ਦੇ ਮਾਮਲੇ ’ਚ ਮਾਈ ਹੀਰਾਂ ਗੇਟ ਦੇ ਰਹਿਣ ਵਾਲੇ ਸਤੀਸ਼ ਕਪੂਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਟਰੱਸਟੀ ਬਲਰਾਜ ਗੁਪਤਾ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਸਤੀਸ਼ ਕੁਮਾਰ ਕਪੂਰ ਸਮੇਤ ਤਿੰਨ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਸ਼ਿਕਾਇਤ ’ਚ ਦੱਸਿਆ ਗਿਆ ਕਿ ਦੇਸਰਾਜ ਮਰਵਾਹਾ ਤੇ ਸੰਤੋਸ਼ ਕੁਮਾਰੀ ਮਰਵਾਹਾ ਚੈਰੀਟੇਬਲ ਟਰੱਸਟ ਦੀ ਸਥਾਪਨਾ ਸਾਲ 2006 ’ਚ ਕੀਤੀ ਗਈ ਸੀ, ਜਿਸ ’ਚ ਚਾਰ ਟਰੱਸਟੀ ਸ਼ਾਮਲ ਸਨ। ਸਮੇਂ ਦੇ ਨਾਲ ਟਰੱਸਟ ਨੂੰ ਦਾਨ ਰਾਸ਼ੀ ਪ੍ਰਾਪਤ ਹੁੰਦੀ ਰਹੀ, ਜਿਸਨੂੰ ਬੈਂਕ ਖਾਤੇ ’ਚ ਜਮ੍ਹਾਂ ਕਰਕੇ ਨਿਯਮਾਂ ਅਨੁਸਾਰ ਵਰਤਿਆ ਜਾਂਦਾ ਰਿਹਾ। ਦੋਸ਼ ਹੈ ਕਿ ਸਾਲ 2019-20 ਤੋਂ ਬਾਅਦ ਸਤੀਸ਼ ਕੁਮਾਰ ਕਪੂਰ ਨੇ ਟਰੱਸਟ ਦੇ ਕੰਮਕਾਜ ‘ਤੇ ਪੂਰਾ ਕੰਟਰੋਲ ਕਰ ਲਿਆ ਤੇ ਹੋਰ ਟਰਸਟੀਆਂ ਦੇ ਭਰੋਸੇ ਦਾ ਫਾਇਦਾ ਚੁੱਕਦੇ ਹੋਏ ਰਿਕਾਰਡ, ਖਾਤਿਆਂ ਤੇ ਲੈਣ-ਦੇਣ ਨੂੰ ਖੁਦ ਸੰਭਾਲਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾ ਮੁਤਾਬਕ ਹਾਲ ਹੀ ’ਚ ਟਰੱਸਟ ਦੇ ਖਾਤੇ ਵਿੱਚੋਂ 6 ਲੱਖ ਰੁਪਏ ਤੋਂ ਵੱਧ ਦੀ ਗੈਰਕਾਨੂੰਨੀ ਨਿਕਾਸੀ ਸਾਹਮਣੇ ਆਈ ਹੈ, ਜਿਸ ਦਾ ਕੋਈ ਢੰਗ ਦਾ ਹਿਸਾਬ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਬਿਨਾਂ ਇਜਾਜ਼ਤ ਆਪਣੇ ਰਿਸ਼ਤੇਦਾਰਾਂ ਨੂੰ ਟਰੱਸਟੀ ਬਣਾ ਲਿਆ ਅਤੇ ਫਰਜ਼ੀ ਤਰੀਕੇ ਨਾਲ ਕਰਜ਼ਾ ਵੀ ਲਿਆ। ਜਦੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਵੀ ਰਿਕਾਰਡ ਜਾਂ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਜਾਂਚ ਤੋਂ ਬਾਅਦ ਪੁਲਿਸ ਨੇ ਸਤੀਸ਼ ਕੁਮਾਰ ਕਪੂਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਸਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।