ਸੁਣਨ ਦੇ ਨਾਲ-ਨਾਲ ਕਥਾ ’ਤੇ ਅਮਲ ਵੀ ਜ਼ਰੂਰੀ : ਸਾਧਵੀ ਭਾਰਤੀ
ਭੋਗਪੁਰ ’ਚ ਚਾਰ ਦਿਨਾਂ ਸ਼੍ਰੀ ਸ਼ਿਵ ਕਥਾ ਦਾ ਆਗਾਜ਼
Publish Date: Fri, 01 May 2026 07:15 PM (IST)
Updated Date: Fri, 01 May 2026 07:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੋਗਪੁਰ : ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਸ਼੍ਰੀ ਰਾਮ ਮੰਦਰ, ਜੰਜ ਘਰ ਵਿਖੇ ਸ਼੍ਰੀ ਸ਼ਿਵ ਕਥਾ ਦਾ ਸ਼ੁਭ ਆਰੰਭ ਕੀਤਾ ਗਿਆ। ਕਥਾ ਦੇ ਪਹਿਲੇ ਦਿਨ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਮੇਧਾਵੀ ਭਾਰਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਸ਼ਿਵ ਦੀ ਕਥਾ ਮਨੁੱਖੀ ਜੀਵਨ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜੀਵਨ ’ਚ ਸੱਚਾ ਆਨੰਦ ਪ੍ਰਾਪਤ ਕਰਨ ਲਈ ਕੇਵਲ ਕਥਾ ਸੁਣਨਾ ਹੀ ਕਾਫ਼ੀ ਨਹੀਂ, ਸਗੋਂ ਇਸ ’ਤੇ ਅਮਲ ਕਰਨਾ ਵੀ ਜ਼ਰੂਰੀ ਹੈ। ਅਮਲ ਰਾਹੀਂ ਹੀ ਮਨੁੱਖ ਜੀਵਨ ਦੇ ਸਾਰ ਨੂੰ ਸਮਝ ਕੇ ਮੋਕਸ਼ ਦੇ ਦੁਆਰ ਖੋਲ੍ਹ ਸਕਦਾ ਹੈ। ਸਾਧਵੀ ਨੇ ਦੱਸਿਆ ਕਿ ਭਗਵਾਨ ਸ਼ਿਵ ਦੇ ਅਨੇਕ ਨਾਮ ਹਨ ਤੇ ‘ਸ਼ਿਵ’ ਨਾਮ ਕਲਿਆਣ ਤੇ ਤਿਆਗ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਹਰ ਲੀਲ੍ਹਾ ਕਲਿਆਣਕਾਰੀ ਹੈ ਤੇ ਮਨੁੱਖ ਨੂੰ ਪਰਉਪਕਾਰ ਤੇ ਤਿਆਗ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ’ਚ ਜਿੰਨੀਆਂ ਵੀ ਵੱਡੀਆਂ ਕ੍ਰਾਂਤੀਆਂ ਹੋਈਆਂ ਹਨ, ਉਹ ਤਿਆਗ ਦੇ ਸਿਧਾਂਤ ’ਤੇ ਆਧਾਰਿਤ ਰਹੀਆਂ ਹਨ। ਸਾਧਵੀ ਮੇਧਾਵੀ ਭਾਰਤੀ ਨੇ ਅੱਗੇ ਕਿਹਾ ਕਿ ਮਨੁੱਖੀ ਜੀਵਨ ਦੇ ਅਸਲ ਟੀਚੇ ਦੀ ਪ੍ਰਾਪਤੀ ਲਈ ਇਕ ਪੂਰਨ ਸਤਿਗੁਰੂ ਦੀ ਲੋੜ ਹੁੰਦੀ ਹੈ, ਜੋ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਵਾ ਕੇ ਜੀਵਨ ਨੂੰ ਸਫਲ ਬਣਾਉਂਦੇ ਹਨ। ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਮਨੁੱਖ ਨੂੰ ਸੱਚੇ ਸਤਿਗੁਰੂ ਦੀ ਸ਼ਰਨ ’ਚ ਜਾਣਾ ਪੈਂਦਾ ਹੈ, ਜੋ ਦਿਵਯ ਨੇਤਰ ਖੋਲ੍ਹ ਕੇ ਮੁਕਤੀ ਦੇ ਰਾਹ ਵੱਲ ਪ੍ਰੇਰਿਤ ਕਰਦੇ ਹਨ। ਕਥਾ ਦੌਰਾਨ ਸਾਧਵੀ ਮਨਜਿੰਦਰ ਭਾਰਤੀ, ਸਾਧਵੀ ਰੀਤਾ ਭਾਰਤੀ, ਸਾਧਵੀ ਆਰਤੀ ਭਾਰਤੀ ਤੇ ਸਾਧਵੀ ਰੇਖਾ ਭਾਰਤੀ ਵੱਲੋਂ ਸ਼ਿਵ ਭਜਨਾਂ ਰਾਹੀਂ ਮਾਹੌਲ ਭਗਤੀਮਈ ਬਣਾਇਆ ਗਿਆ। ਇਸ ਮੌਕੇ ਜੀਤ ਰਾਣੀ (ਐੱਮਸੀ), ਨੀਤੀ ਅਰੋੜਾ (ਐੱਮਸੀ), ਇੰਦਰਜੀਤ ਮਹਿਤਾ, ਜਸਪਾਲ (ਪ੍ਰਧਾਨ, ਰਾਮ ਮੰਦਰ), ਤਲਵਾੜ, ਮੰਦਰ ਮੈਂਬਰ, ਡਾ. ਕਮਲ (ਐੱਮਸੀ), ਸੁਖਦੇਵ (ਐੱਮਸੀ), ਰਾਜੀਵ ਕੁਮਾਰ, ਪਵਨ ਕੁਮਾਰ, ਅੰਮ੍ਰਿਤ ਵਰਸ਼ਾ, ਵਿਜੇ ਕਲੌਥ ਹਾਊਸ, ਜਤਿੰਦਰ ਕੁਮਾਰ ਤੇ ਹੋਰ ਸੰਗਤਾਂ ਨੇ ਹਾਜ਼ਰੀ ਭਰ ਕੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ।