ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ‘ਤੇ ਸਥਿਤ ਭੀਖੋਵਾਲ ਨੇੜਲੇ ਪਿੰਡ ਚੱਕ ਸਮਾਣਾ ਵਿੱਚ ਸ਼ੁੱਕਰਵਾਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਚਾਰ ਸਾਲਾ ਬੱਚਾ ਖੇਡਦੇ ਸਮੇਂ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ‘ਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਸੰਜੀਵ ਸੂਦ/ਕਮਲ, ਪੰਜਾਬੀ ਜਾਗਰਣ, ਹੁਸ਼ਿਆਰਪੁਰ/ਹਰਿਆਣਾ : ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ‘ਤੇ ਸਥਿਤ ਭੀਖੋਵਾਲ ਨੇੜਲੇ ਪਿੰਡ ਚੱਕ ਸਮਾਣਾ ਵਿੱਚ ਸ਼ੁੱਕਰਵਾਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਚਾਰ ਸਾਲਾ ਬੱਚਾ ਖੇਡਦੇ ਸਮੇਂ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ‘ਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਕਰਨ ਸਿੰਘ (4) ਪੁੱਤਰ ਰਵਿੰਦਰ ਸਿੰਘ ਵਾਸੀ ਚੱਕ ਸਮਾਣਾ ਆਪਣੇ ਘਰ ਨੇੜੇ ਖੇਡ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਨਵੇਂ ਖੋਦੇ ਗਏ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ।
ਸੂਚਨਾ ਮਿਲਦੇ ਹੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਰੈਸਕਿਊ ਕਾਰਜਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਮੌਕੇ ‘ਤੇ ਪਹੁੰਚ ਕੇ ਰੈਸਕਿਊ ਆਪਰੇਸ਼ਨ ਦੀ ਨਿਗਰਾਨੀ ਕੀਤੀ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਸੀਨੀਅਰ ਪੁਲਿਸ ਕਪਤਾਨ ਸੰਦੀਪ ਮਲਿਕ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ‘ਤੇ ਡੇਰਾ ਲਗਾ ਕੇ ਰੈਸਕਿਊ ਆਪਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਮੰਗ ‘ਤੇ ਐਨਡੀਆਰਐਫ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ, ਫਾਇਰ ਬ੍ਰਿਗੇਡ, ਮੈਡੀਕਲ ਐਮਰਜੈਂਸੀ ਸੇਵਾਵਾਂ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਸੇਵਾਦਾਰ ਵੀ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬੱਚੇ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬੱਚੇ ਦੀ ਮਾਤਾ ਨੂੰ ਵੀ ਮੌਕੇ ‘ਤੇ ਬੁਲਾ ਕੇ ਬੱਚੇ ਨਾਲ ਗੱਲ ਕਰਵਾਈ ਗਈ ਤਾਂ ਜੋ ਉਸ ਨੂੰ ਜਾਣੀ-ਪਹਿਚਾਣੀ ਆਵਾਜ਼ ਤੋਂ ਹੌਸਲਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਹੈ ਕਿ ਬੱਚੇ ਨਾਲ ਲਗਾਤਾਰ ਸੰਪਰਕ ਬਣਿਆ ਰਹੇ। ਇਸ ਤੋਂ ਇਲਾਵਾ ਬੋਰਵੈੱਲ ਵਿੱਚ ਰੌਸ਼ਨੀ ਲਈ ਲਾਈਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬੱਚੇ ਨੂੰ ਚਾਨਣ ਦਿਖਾਈ ਦਿੰਦਾ ਰਹੇ।
ਹੁਸ਼ਿਆਰਪੁਰ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਬੋਰਵੈੱਲ ਲਗਭਗ 250 ਫੁੱਟ ਡੂੰਘਾ ਹੈ ਅਤੇ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਬੱਚਾ ਕਰੀਬ 20 ਤੋਂ 25 ਫੁੱਟ ਦੀ ਡੂੰਘਾਈ ‘ਤੇ ਫਸਿਆ ਹੋਇਆ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਨੇ ਇਹ ਟਿਊਬਵੈੱਲ ਦਾ ਬੋਰ ਕਰਵਾਇਆ ਸੀ, ਬੱਚਾ ਉਸੇ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਟਿਊਬਵੈੱਲ ਚੱਲਣਯੋਗ ਹੋ ਗਿਆ ਸੀ ਪਰ ਸਾਈਡਾਂ ਤੋਂ ਬਜਰੀ ਅਤੇ ਮਿੱਟੀ ਭਰਨ ਦਾ ਕੰਮ ਬਾਕੀ ਸੀ। ਇਸੇ ਕਾਰਨ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਪਾਈਪ ਰਾਹੀਂ ਕੈਮਰਾ ਬੋਰਵੈੱਲ ਵਿੱਚ ਭੇਜਿਆ ਗਿਆ ਹੈ ਅਤੇ ਬੱਚੇ ਦੀ ਹਰਕਤ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਨਾਲ ਹੀ ਬੱਚੇ ਤੱਕ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ।
ਖ਼ਬਰ ਲਿਖੇ ਜਾਣ ਤੱਕ ਰੈਸਕਿਊ ਆਪਰੇਸ਼ਨ ਜਾਰੀ ਸੀ।