ਸਾਬਕਾ ਸਰਪੰਚ ਨੂੰ ਹਮਲਾ ਕਰ ਕੇ ਲੁੱਟ ਦੀ ਕੋਸ਼ਿਸ਼
ਸਾਬਕਾ ਸਰਪੰਚ ਗੁਰਦਿਆਲ ਚੰਦ ‘ਤੇ ਲੁੱਟ ਦੀ ਕੋਸ਼ਿਸ਼, ਦਾਤਰ ਦੇ ਹਮਲੇ ਨਾਲ ਜ਼ਖਮੀ
Publish Date: Mon, 04 May 2026 09:28 PM (IST)
Updated Date: Mon, 04 May 2026 09:29 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਪਿੰਡ ਮੰਨਣਾ ਦੇ ਸਾਬਕਾ ਸਰਪੰਚ ਗੁਰਦਿਆਲ ਚੰਦ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟ ਖੋਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਉਹ ਦਾਤਰ ਦੇ ਹਮਲੇ ਨਾਲ ਜ਼ਖਮੀ ਹੋ ਗਏ। ਗੁਰਦਿਆਲ ਚੰਦ ਪਿੰਡ ਕਿਸ਼ਨਗੜ੍ਹ ਤੋਂ ਬਿਸਤ ਦੁਆਬ ਨਹਿਰ ਵਾਲੀ ਸੜਕ ਰਾਹੀਂ ਪਿੰਡ ਬੱਲਾਂ ਵੱਲ ਜਾ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਦਾਤਰ ਦੇ ਜ਼ੋਰ ’ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਹੱਥਾਂ ‘ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੇ ਹਿੰਮਤ ਨਾਲ ਮੁਕਾਬਲਾ ਕੀਤਾ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਗੁਰਦਿਆਲ ਚੰਦ ਵੱਲੋਂ ਕਿਸ਼ਨਗੜ੍ਹ ਪੁਲਿਸ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।