ਹਵਾ ਪ੍ਰਦੂਸ਼ਣ ਦਾ ਹੱਲ ਨਾ ਨਿਕਲਿਆ ਤਾਂ ਵਿਦੇਸ਼ਾਂ ਤੱਕ ਧੁੰਦਲਾ ਹੋਵੇਗਾ ਪੰਜਾਬ ਦਾ ਅਕਸ
ਸਮੱਸਿਆ ਦਾ ਹੱਲ ਨਾ ਨਿਕਲਿਆ ਤਾਂ ਵਿਦੇਸ਼ਾਂ ਤੱਕ ਧੁੰਦਲੀ ਹੋਵੇਗਾ ਪੰਜਾਬ ਦਾ ਅਕਸ
Publish Date: Sat, 08 Nov 2025 08:10 PM (IST)
Updated Date: Sat, 08 Nov 2025 08:13 PM (IST)

-ਬੁਲੰਦਪੁਰੀ ਸਾਹਿਬ ਪੁੱਜੇ ਵਿਦੇਸ਼ੀ ਮਹਿਮਾਨਾਂ ਨੂੰ ਸਾਹ ਲੈਣ ’ਚ ਦਿੱਕਤ ਤੇ ਅੱਖਾਂ ’ਚ ਜਲਨ ਦੀ ਹੋ ਰਹੀ ਸ਼ਿਕਾਇਤ -ਐੱਸਡੀਐੱਮ ਨਕੋਦਰ ਨੇ ਕਿਹਾ, ਛੇ ਪਟਵਾਰੀਆਂ ਦੀ ਵੱਖਰੀ ਡਿਊਟੀ ਲਗਾਈ, ਪਾਵਰਕੌਮ ਨੂੰ ਵੀ ਦਿੱਤੇ ਹੁਕਮ ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਮਹਿਤਪੁਰ ਦੇ ਪਿੰਡ ਉਦੋਵਾਲ ’ਚ ਸਥਿਤ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਦੇ ਸਮਾਗਮ ਦੌਰਾਨ ਵਿਦੇਸ਼ੀ ਮਹਿਮਾਨਾਂ ਨੂੰ ਸਿਹਤ ਸਬੰਧੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਕਲਸਟਰ ਅਧਿਕਾਰੀਆਂ ਤੋਂ ਇਲਾਵਾ ਹੋਰ 6 ਪਟਵਾਰੀਆਂ ਦੀ ਵੱਖਰੀ ਡਿਊਟੀ ਲਾਈ ਗਈ ਹੈ। ਐੱਸਡੀਐੱਮ ਲਾਲ ਵਿਸ਼ਵਾਸ ਬੈਂਸ ਨੇ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਪਾਵਰਕਾਮ ਨੂੰ ਬਿਜਲੀ ਸਪਲਾਈ ਵਾਲੀਆਂ ਤਾਰਾਂ ਦੇ ਜੋੜ ਠੀਕ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਵਿਚ 9 ਤੋਂ 19 ਨਵੰਬਰ ਤੱਕ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇੱਥੇ ਪੁੱਜੇ ਵਿਦੇਸ਼ੀ ਮਹਿਮਾਨਾਂ ਨੇ ਪ੍ਰਦੂਸ਼ਣ ਕਾਰਨ ਸਾਹ ਲੈਣ ਵਿਚ ਤਕਲੀਫ਼ ਅਤੇ ਅੱਖਾਂ ਵਿਚ ਜਲਨ ਦੀ ਸ਼ਿਕਾਇਤ ਕੀਤੀ ਸੀ। ਜਲੰਧਰ ’ਚ ਸ਼ਨਿਚਰਵਾਰ ਨੂੰ ਏਅਰ ਕੁਆਲਟੀ ਇੰਡੈਕਸ 309 ਰਿਹਾ, ਜੋ ਵਿਦੇਸ਼ੀ ਮਹਿਮਾਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਇਸ ਸਾਲ ਪਰਾਲੀ ਸਾੜਨ, ਪਟਾਕੇ ਚੱਲਣ ਤੇ ਅੱਗ ਲੱਗਣ ਵਾਲੀਆਂ ਘਟਨਾਵਾਂ ’ਚ ਗਿਰਾਵਟ ਆਈ ਹੈ ਪਰ ਹਵਾ ਦੀ ਗੁਣਵੱਤਾ ਖਰਾਬ ਰਹਿਣ ਕਾਰਨ ਵਿਦੇਸ਼ੀ ਮਹਿਮਾਨਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਬਰਕਰਾਰ ਹਨ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਸਨ ਪਰ ਇਸ ਵਾਰ ਸ਼ਿਕਾਇਤਾਂ ਦਾ ਅੰਕੜਾ ਹੋਰ ਵੱਧ ਗਿਆ ਹੈ। ਸਮਾਗਮ ਦੇ ਪ੍ਰਬੰਧਕ ਵਿਦੇਸ਼ੀ ਮਹਿਮਾਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ ਅਤੇ ਉਨ੍ਹਾਂ ਦਾ ਇਲਾਜ ਨਿੱਜੀ ਹਸਪਤਾਲਾਂ ’ਚ ਕਰਵਾ ਰਹੇ ਹਨ। ਪੰਜਾਬ ਦਾ ਅਕਸ ਮਾੜਾ ਨਾ ਹੋਵੇ, ਇਸ ਲਈ ਉਹ ਇਸ ਸਮੱਸਿਆ ਨੂੰ ਖੁੱਲ੍ਹੇ ਤੌਰ ’ਤੇ ਸਾਂਝਾ ਨਹੀਂ ਕਰ ਰਹੇ। ਸਰਕਾਰ ਤੇ ਪ੍ਰਸ਼ਾਸਨਕ ਪੱਧਰ ’ਤੇ ਹਾਲੇ ਤੱਕ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰ ਰਹੇ ਕਈ ਦੇਸ਼ਾਂ ਦੇ ਸਿੱਖ ਧਰਮ ਦੇ ਪੈਰੋਕਾਰ ਪਿੰਡ ਉਦੋਵਾਲ ਸਥਿਤ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਬੁਲੰਦਪੁਰੀ ਸਾਹਿਬ ’ਚ ਪਹੁੰਚ ਰਹੇ ਹਨ। ਪੰਜ ਦਿਨ ਪਹਿਲਾਂ ਆਏ ਵਿਦੇਸ਼ੀ ਮਹਿਮਾਨਾਂ ਨੂੰ ਇੱਥੋਂ ਦਾ ਵਾਤਾਵਰਨ ਰਾਸ ਨਹੀਂ ਆਇਆ ਅਤੇ ਉਨ੍ਹਾਂ ਨੂੰ ਹਸਪਤਾਲ ਤੱਕ ਜਾਣਾ ਪਿਆ। ਇੱਥੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ, ਆਸਟਰੇਲੀਆ, ਸਰੀ, ਅਮਰੀਕਾ, ਇਟਲੀ ਤੇ ਪਨਾਮਾ ਵਰਗੇ ਦੇਸ਼ਾਂ ਤੋਂ ਸਿੱਖ ਧਰਮ ਦੇ ਪੈਰੋਕਾਰ ਪੁੱਜਦੇ ਹਨ। ਇਨ੍ਹਾਂ ਵਿਦੇਸ਼ੀ ਮਹਿਮਾਨਾਂ ਨੇ ਡੀਸੀ ਅਤੇ ਸੀਐੱਮਓ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ’ਚ ਜਲਨ ਬਾਰੇ ਸ਼ਿਕਾਇਤ ਕੀਤੀ ਸੀ। ਪਿੰਡ ਉਦੋਵਾਲ ਦਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਦੁਨੀਆ ਦੇ ਸਭ ਤੋਂ ਉੱਚੇ 255 ਫੁੱਟ ਨਿਸ਼ਾਨ ਸਾਹਿਬ ਲਈ ਪ੍ਰਸਿੱਧ ਹੈ। --- ਕਲਸਟਰ ਅਧਿਕਾਰੀ ਤੇ ਵਾਧੂ ਪਟਵਾਰੀ ਰੱਖਣਗੇ ਨਿਗਰਾਨੀ ਇਹ ਇੱਕ ਵੱਡਾ ਧਾਰਮਿਕ ਸਮਾਗਮ ਹੈ। ਕਿਸੇ ਵੀ ਵਿਦੇਸ਼ੀ ਮਹਿਮਾਨ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਹ ਸਾਡੀ ਜ਼ਿੰਮੇਵਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਆਪਣੇ ਅਧਿਕਾਰ ਖੇਤਰ ਵਿੱਚ ਰਹਿ ਕੇ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸ਼ਾਹਕੋਟ ਵਿਚ ਪਰਾਲੀ ਨਾ ਸਾੜੀ ਜਾਵੇ, ਇਸ ਲਈ ਕਲਸਟਰ ਅਧਿਕਾਰੀਆਂ ਤੋਂ ਇਲਾਵਾ ਛੇ ਵਾਧੂ ਪਟਵਾਰੀਆਂ ਦੀ ਡਿਊਟੀ ਲਗਾਈ ਗਈ ਹੈ। ਪ੍ਰਦੂਸ਼ਣ ਸਿਰਫ਼ ਪਰਾਲੀ ਕਾਰਨ ਹੀ ਨਹੀਂ, ਹੋਰ ਕਈ ਕਾਰਨਾਂ ਕਰਕੇ ਵੀ ਹੋ ਸਕਦਾ ਹੈ। ਇਸ ਵਿੱਚ ਸਿਰਫ਼ ਪ੍ਰਸ਼ਾਸਨਕ ਅਧਿਕਾਰੀਆਂ ਦੀ ਹੀ ਨਹੀਂ, ਸਧਾਰਨ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਜਲੰਧਰ ਦੇ ਪ੍ਰਦੂਸ਼ਣ ਕਾਰਨ ਵਿਦੇਸ਼ਾਂ ਵਿੱਚ ਪੰਜਾਬ ਦੀ ਛਵੀ ਖਰਾਬ ਨਾ ਹੋਵੇ, ਇਸ ਲਈ ਵਾਧੂ ਯਤਨ ਕੀਤੇ ਜਾ ਰਹੇ ਹਨ। ਉਮੀਦ ਹੈ ਕਿ ਹਾਲਾਤ ਜਲਦੀ ਸਧਾਰਨ ਹੋਣਗੇ। – ਲਾਲ ਵਿਸ਼ਵਾਸ ਬੈਂਸ, ਐੱਸਡੀਐੱਮ ਨਕੋਦਰ