ਸ਼ਹਿਰ ’ਚ ਪਹਿਲੀ ਵਾਰ 111 ਘੰਟੇ ਹੋਵੇਗਾ ਮਾਂ ਬਗਲਾਮੁਖੀ ਦਾ ਹਵਨ ਯੱਗ
ਸ਼ਹਿਰ ’ਚ ਪਹਿਲੀ ਵਾਰ ਇਕੱਠੇ 111 ਘੰਟੇ ਹੋਵੇਗਾ ਮਾਂ ਬਗਲਾਮੁਖੀ ਦੇਵੀ ਹਵਨ ਯੱਗ
Publish Date: Mon, 20 Apr 2026 10:27 PM (IST)
Updated Date: Mon, 20 Apr 2026 10:30 PM (IST)

ਜੈਅੰਤੀ ਮੌਕੇ ਮਾਂ ਬਗਲਾਮੁਖੀ ਧਾਮ ’ਚ ਲਗਾਤਾਰ ਬਲਦੀ ਰਹੇਗੀ ਯੱਗ ਦੀ ਅੱਗ -ਪੂਰੇ ਦੇਸ਼ ਤੋਂ ਸ਼ਾਮਲ ਹੋਣਗੇ ਭਗਤ, 24 ਨੂੰ ਸਜੇਗਾ ਮੇਲਾ, ਮਨੀ ਲਾਡਲਾ ਲਗਵਾਉਣਗੇ ਹਾਜ਼ਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਸ਼ਹਿਰ ’ਚ ਪਹਿਲੀ ਵਾਰ ਲਗਾਤਾਰ 111 ਘੰਟਿਆਂ ਦਾ ਮਾਂ ਬਗਲਾਮੁਖੀ ਦੇਵੀ ਹਵਨ ਯੱਗ ਕਰਵਾਇਆ ਜਾ ਰਿਹਾ ਹੈ। ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ ਹੁਸ਼ਿਆਰਪੁਰ ਰੋਡ, ਲੰਮਾ ਪਿੰਡ ਨੇੜੇ ਹੋਣ ਵਾਲੇ ਇਸ ਸਮਾਗਮ ਲਈ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ 111 ਘੰਟਿਆਂ ਤੱਕ ਲਗਾਤਾਰ ਹਵਨ ਯੱਗ ਦੀ ਅੱਗ ਬਾਲਣ, ਸ਼ਾਨਦਾਰ ਹਵਨ ਕੁੰਡ ਦੇ ਆਲੇ-ਦੁਆਲੇ ਪ੍ਰਬੰਧ ਕਰਨ ਤੇ ਆਹੂਤੀਆਂ ਦੇਣ ਸਮੇਤ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਣਗੀਆਂ। ਇਹ ਸਮਾਗਮ 24 ਅਪ੍ਰੈਲ ਨੂੰ ਮਨਾਈ ਜਾਣ ਵਾਲੀ ਮਾਂ ਬਗਲਾਮੁਖੀ ਜੈਅੰਤੀ ਨੂੰ ਸਮਰਪਿਤ ਹੈ। ਹਾਲਾਂਕਿ 111 ਘੰਟਿਆਂ ਦਾ ਇਹ ਯੱਗ ਕਈ ਦਿਨ ਤੱਕ ਲਗਾਤਾਰ ਜਾਰੀ ਰਹੇਗਾ। ਨਾਲ ਹੀ 24 ਅਪ੍ਰੈਲ ਨੂੰ ਧਾਮ ’ਚ ਸਾਲਾਨਾ ਮੇਲਾ ਵੀ ਕਰਵਾਇਆ ਜਾਵੇਗਾ। ਇਸ ਦਿਨ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਮਾਂ ਬਗਲਾਮੁਖੀ ਦੇ ਹਵਨ ਯੱਗ ’ਚ ਆਹੂਤੀਆਂ ਦਿੱਤੀਆਂ ਜਾਣਗੀਆਂ ਤੇ ਭਗਤ ਮਾਂ ਦੀ ਉਪਾਸਨਾ ਕਰਨਗੇ। ਇਸ ਵਾਰ ਮੇਲੇ ’ਚ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਮਾਂ ਦੇ ਦਰਬਾਰ ’ਚ ਭਜਨਾਂ ਰਾਹੀਂ ਹਾਜ਼ਰੀ ਲਗਾਉਣਗੇ। ---------------------------- ਸੂਬੇ ਦੇ ਪਹਿਲੇ ਸਿੱਧ ਧਾਮ ’ਚ ਵਗੇਗੀ ਸ਼ਰਧਾ ਦੀ ਲਹਿਰ 24 ਅਪ੍ਰੈਲ ਨੂੰ ਮਨਾਈ ਜਾ ਰਹੀ ਮਾਂ ਬਗਲਾਮੁਖੀ ਜੈਅੰਤੀ ਮੌਕੇ ਪੰਜਾਬ ਦੇ ਪਹਿਲੇ ਸਿੱਧ ਮਾਂ ਬਗਲਾਮੁਖੀ ਧਾਮ ’ਚ ਸ਼ਰਧਾ ਦੀ ਲਹਿਰ ਵਗੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਦਰ ਦੇ ਸੰਸਥਾਪਕ, ਪ੍ਰਬੰਧਕ ਤੇ ਮਾਂ ਬਗਲਾਮੁਖੀ ਦੇ ਉਪਾਸਕ ਨਵਜੀਤ ਭਾਰਦਵਾਜ ਨੇ ਦੱਸਿਆ ਕਿ ਇਸ ਪਵਿੱਤਰ ਸਥਾਨ ’ਤੇ ਪਿਛਲੇ ਕਈ ਸਾਲਾਂ ਤੋਂ ਹਰ ਵੀਰਵਾਰ, ਸ਼ਨਿਚਰਵਾਰ ਤੇ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਹਵਨ ਯੱਗ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦੀਵਾਲੀ ’ਤੇ 151 ਲੜੀਵਾਰ ਹਵਨ ਯੱਗ ਕਰਵਾਏ ਜਾਂਦੇ ਹਨ। ਇਸੇ ਤਰ੍ਹਾਂ ਨਰਾਤਿਆਂ ਦੌਰਾਨ ਹਰ ਰੋਜ਼ ਸਾਰਾ ਦਿਨ ਮਾਂ ਬਗਲਾਮੁਖੀ ਹਵਨ ਯੱਗ ਕੀਤਾ ਜਾਂਦਾ ਹੈ। ਇਸ ਪਵਿੱਤਰ ਧਾਮ ’ਚ ਹਾਲੇ ਤੱਕ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਅਦਾਕਾਰ ਤੇ ਸੰਤ ਸਮਾਜ ਦੇ ਮੈਂਬਰ ਹਾਜ਼ਰੀ ਲਗਾ ਚੁੱਕੇ ਹਨ। ਇੱਥੇ ਸ਼ਰਧਾਲੂ ਆਪਣੀਆਂ ਮੰਨਤਾਂ ਮੰਗਦੇ ਹਨ ਤੇ ਮੰਨਤ ਪੂਰੀ ਹੋਣ ’ਤੇ ਬੈਂਡ ਬਾਜਿਆਂ ਨਾਲ ਦਰਬਾਰ ’ਚ ਮੱਥਾ ਟੇਕਣ ਆਉਂਦੇ ਹਨ। ----------------------------- ਮਾਂ ਦੀ ਅਖੰਡ ਜੋਤ ਦੇ ਦਰਸ਼ਨ ਲਈ ਪੁੱਜਦੇ ਹਨ ਸ਼ਰਧਾਲੂ ਨਵਜੀਤ ਭਾਰਦਵਾਜ ਨੇ ਦੱਸਿਆ ਕਿ ਮਾਂ ਬਗਲਾਮੁਖੀ ਦੀ ਸ਼ਾਨਦਾਰ ਮੂਰਤੀ ਦੀ ਸਥਾਪਨਾ ਨਾਲ ਅਖੰਡ ਜੋਤ ਵੀ ਜਾਈ ਗਈ ਹੈ, ਜੋ ਮੰਦਰ ’ਚ ਸਦਾ ਪ੍ਰਕਾਸ਼ਮਾਨ ਰਹਿੰਦੀ ਹੈ। ਇਸ ਦੇ ਦਰਸ਼ਨ ਲਈ ਦੇਸ਼ ਹੀ ਨਹੀਂ, ਵਿਦੇਸ਼ਾਂ ਤੋਂ ਵੀ ਸ਼ਰਧਾਲੂ ਪੁੱਜਦੇ ਹਨ। --------------------- ਮਹਿੰਦੀ ਦੀ ਰਸਮ ਨਾਲ ਹੋਵੇਗਾ ਮੇਲੇ ਦਾ ਆਗਾਜ਼ ਮਾਂ ਬਗਲਾਮੁਖੀ ਜੈਅੰਤੀ ਮੌਕੇ 24 ਅਪ੍ਰੈਲ ਨੂੰ ਹੋਣ ਵਾਲੇ ਮੇਲੇ ਦਾ ਆਗਾਜ਼ 22 ਅਪ੍ਰੈਲ ਨੂੰ ਮਹਿੰਦੀ ਦੀ ਰਸਮ ਨਾਲ ਕੀਤਾ ਜਾਵੇਗਾ। ਇਸ ਦੌਰਾਨ ਰਾਜਸਥਾਨ ਦੇ ਪ੍ਰਸਿੱਧ ਕਲਾਕਾਰ ਮਹਿਲਾ ਸ਼ਰਧਾਲੂਆਂ ਨੂੰ ਮੁਫ਼ਤ ਮਹਿੰਦੀ ਲਾਉਣਗੇ। ਉਸੇ ਦਿਨ ਰਾਤ 8 ਵਜੇ ਮਹਾਂਆਰਤੀ ਹੋਵੇਗੀ। 23 ਅਪ੍ਰੈਲ ਨੂੰ ਸਵੇਰੇ 8 ਵਜੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। 24 ਅਪ੍ਰੈਲ ਨੂੰ ਸਵੇਰੇ 6:30 ਵਜੇ ਹਵਨ ਯੱਗ ਨਾਲ ਮੇਲੇ ਦੀ ਸ਼ੁਰੂਆਤ ਹੋਵੇਗੀ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਮਾਂ ਦੇ ਦਰਬਾਰ ’ਚ ਭਜਨ ਗਾਇਨ ਕਰਨਗੇ। ਇਸ ਦੌਰਾਨ ਮੰਦਰ ਕਮੇਟੀ ਵੱਲੋਂ ਵੱਖ-ਵੱਖ ਕਿਸਮਾਂ ਦੇ ਵਿਅੰਜਨਾਂ ਦਾ ਲੰਗਰ ਵੀ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸੁਰੱਖਿਆ, ਟ੍ਰੈਫਿਕ ਅਤੇ ਸਫਾਈ ਸਮੇਤ ਸ਼ਰਧਾਲੂਆਂ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।