ਕੌਮਾਂਤਰੀ ਡ੍ਰਾਈਵਿੰਗ ਲਾਇਸੈਂਸ ਲਈ 1050 ਰੁਪਏ ਖ਼ਰਚ ਕੇ ਮਿਲਦੈ ਕਾਗਜ਼ ’ਤੇ ਪ੍ਰਿੰਟ
--ਸੇਵਾ ਕੇਂਦਰ ’ਚ ਇਸ
Publish Date: Wed, 29 Apr 2026 07:45 PM (IST)
Updated Date: Wed, 29 Apr 2026 07:49 PM (IST)
--ਸੇਵਾ ਕੇਂਦਰ ’ਚ ਇਸ ਕੰਮ ਲਈ ਬਿਨੈਕਾਰ ਨੂੰ ਦੇਣੀ ਪੈਂਦੀ ਹੈ 1250 ਰੁਪਏ ਵਾਧੂ ਫ਼ੀਸ
ਜਾਸ, ਜਲੰਧਰ : ਰੀਜਨਲ ਟ੍ਰਾਂਸਪੋਰਟ ਅਥਾਰਟੀ ਦਫਤਰ ਦੇ ਬਿਨੈਕਾਰ ਸਰਕਾਰੀ ਨਿਯਮਾਂ ਕਾਰਨ ਲੰਬੇ ਸਮੇਂ ਤੋਂ ਕਾਫੀ ਪਰੇਸ਼ਾਨ ਹਨ। ਇਹ ਪਰੇਸ਼ਾਨੀ ਸਿਰਫ਼ ਲਰਨਿੰਗ ਜਾਂ ਪੱਕੇ ਲਾਇਸੈਂਸ ਵਾਲੇ ਬਿਨੈਕਾਰਾਂ ਨੂੰ ਨਹੀਂ, ਸਗੋਂ ਕੌਮਾਂਤਰੀ ਡ੍ਰਾਈਵਿੰਗ ਲਾਇਸੈਂਸ ਵਾਲੇ ਬਿਨੈਕਾਰਾਂ ਨੂੰ ਵੀ ਹੈ। ਇਸ ਦਾ ਕਾਰਨ ਇਹ ਹੈ ਕਿ ਕਈ ਚੱਕਰ ਕੱਟਣ ਤੋਂ ਬਾਅਦ ਸਰਕਾਰੀ ਫੀਸ 1050 ਰੁਪਏ ਹੈ, ਜਦਕਿ ਲਾਇਸੈਂਸ ਸਧਾਰਨ ਏ-ਫੋਰ ਕਾਗਜ਼ 'ਤੇ ਦਿੱਤਾ ਜਾਂਦਾ ਹੈ, ਉਹ ਵੀ ਬਲੈਕ ਐਂਡ ਵ੍ਹਾਈਟ। ਅਜਿਹੇ ਹਾਲਾਤ ’ਚ ਜੇ ਲਾਇਸੈਂਸ ਦੀ ਪ੍ਰਿੰਟਿੰਗ ਜਾਂ ਕਾਗਜ਼ ’ਤੇ ਕੋਈ ਵੀ ਜਾਣਕਾਰੀ ਸਾਫ਼ ਨਾ ਹੋਵੇ, ਤਾਂ ਵਿਦੇਸ਼ਾਂ ’ਚ ਬਿਨੈਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰ ਵੱਲੋਂ ਸਾਲ 2012 ’ਚ ਆਟੋਮੈਟਿਡ ਡ੍ਰਾਈਵਿੰਗ ਟ੍ਰੈਕ ਦੀ ਸ਼ੁਰੂਆਤ ਤੋਂ ਪਹਿਲਾਂ, ਲਾਇਸੈਂਸ ਦਾ ਕੰਮ ਸਰਕਾਰ ਨੇ ਠੇਕੇ ’ਤੇ ਦੇ ਦਿੱਤਾ ਸੀ। ਉਸ ਸਮੇਂ ਕੌਮਾਂਤਰੀ ਡ੍ਰਾਈਵਿੰਗ ਲਾਇਸੈਂਸ ਦੀ ਸਰਕਾਰੀ ਫੀਸ 500 ਰੁਪਏ ਸੀ ਪਰ ਠੇਕੇਦਾਰ ਵਾਲੀ ਕੰਪਨੀ ਇਸ ਲਈ ਰੰਗੀਨ ਪ੍ਰਿੰਟ ਕੱਢ ਕੇ ਲੈਮੀਨੇਟ ਕਰ ਕੇ ਦਿੰਦੀ ਸੀ ਪਰ ਸਰਕਾਰ ਵੱਲੋਂ ਟ੍ਰੈਕ ਦੀ ਸ਼ੁਰੂਆਤ ਹੋਣ ਤੋਂ ਬਾਅਦ ਕਾਗਜ਼ ’ਤੇ ਸਧਾਰਨ ਪ੍ਰਿੰਟ ਦੇਣ ਦਾ ਨਿਯਮ ਬਣ ਗਿਆ।
ਇਸ ਦੇ ਮੁਕਾਬਲੇ ਪੱਕੇ ਡ੍ਰਾਈਵਿੰਗ ਲਾਇਸੈਂਸ ਦੀ ਸਰਕਾਰੀ ਫੀਸ 1370 ਰੁਪਏ ਹੈ, ਜਿਸ ਦੇ ਬਦਲੇ ਬਿਨੈਕਾਰ ਨੂੰ ਠੇਕੇਦਾਰ ਵਾਲੀ ਕੰਪਨੀ ਵੱਲੋਂ ਚਿਪ ਵਾਲੇ ਪਲਾਸਟਿਕ ਕਾਰਡ ਡਾਕ ਰਾਹੀਂ ਉਸ ਦੇ ਪਤੇ 'ਤੇ ਭੇਜਣ ਦੀ ਵਿਵਸਥਾ ਕੀਤੀ ਜਾਂਦੀ ਹੈ।
------------
ਸੇਵਾ ਕੇਂਦਰ ’ਚ ਦੇਣੇ ਪੈਂਦੇ ਹਨ ਵਾਧੂ 1250 ਰੁਪਏ
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਆਰਟੀਓ ਦਫਤਰ ਦੀਆਂ ਕੁੱਲ 56 ਸੇਵਾਵਾਂ ਸੇਵਾ ਕੇਂਦਰ ’ਚ ਵੀ ਉਪਲੱਬਧ ਕਰਵਾਉਣ ਮਗਰੋਂ ਲੋਕਾਂ ਨੂੰ ਸਰਵਿਸ ਚਾਰਜਿਜ਼ ਵਜੋਂ ਵਾਧੂ ਫੀਸ ਦੀ ਅਦਾਇਗੀ ਕਰਨੀ ਪੈਂਦੀ ਹੈ। ਇਸ ’ਚ ਕੌਮਾਂਤਰੀ ਡ੍ਰਾਈਵਿੰਗ ਲਾਇਸੈਂਸ ਲਈ ਬਿਨੈਕਾਰ ਨੂੰ 1050 ਰੁਪਏ ਦੀ ਸਰਕਾਰੀ ਫੀਸ ਦੇ ਨਾਲ ਵਾਧੂ 1250 ਰੁਪਏ ਅਦਾ ਕਰਨੇ ਪੈਂਦੇ ਹਨ, ਜਦਕਿ ਲਾਇਸੈਂਸ ਦਾ ਪ੍ਰਿੰਟ ਵੀ ਉਸੇ ਤਰ੍ਹਾਂ ਡ੍ਰਾਈਵਿੰਗ ਟ੍ਰੈਕ 'ਤੇ ਸਧਾਰਨ ਕਾਗਜ਼ 'ਤੇ ਪ੍ਰਿੰਟ ਕਰ ਕੇ ਮਿਲਦਾ ਹੈ।
------------
ਛੇਤੀ ਬਦਲਣ ਵਾਲਾ ਹੈ ਨਿਯਮ
ਇਸ ਬਾਰੇ ਏਟੀਓ ਵਿਸ਼ਾਲ ਗੋਇਲ ਦਾ ਕਹਿਣਾ ਹੈ ਕਿ ਕੌਮਾਂਤਰੀ ਡ੍ਰਾਈਵਿੰਗ ਲਾਇਸੈਂਸ ਦਾ ਪ੍ਰਿੰਟ ਦੇਣ ਸਬੰਧੀ ਜਲਦੀ ਵਿਭਾਗੀ ਬਦਲਾਅ ਹੋਣ ਵਾਲਾ ਹੈ। ਹੋ ਸਕਦਾ ਹੈ ਕਿ ਇਸ ’ਚ ਰੰਗੀਨ ਪ੍ਰਿੰਟ ਦੇਣ ਜਾਂ ਪਲਾਸਟਿਕ ਵਾਲੇ ਕਾਰਡ ਦੀ ਵਿਵਸਥਾ ਕੀਤੀ ਜਾਵੇ ਪਰ ਇਸ ਸਬੰਧੀ ਹੁਣ ਤੱਕ ਕੋਈ ਵਿਭਾਗੀ ਹੁਕਮ ਜਾਰੀ ਨਹੀਂ ਹੋਇਆ ਹੈ। ਅੱਗੇ ਜੋ ਵੀ ਹੁਕਮ ਹੋਵੇਗਾ, ਉਸ ਦੀ ਪਾਲਣਾ ਕੀਤੀ ਜਾਵੇਗੀ।