ਸਿਟੀ ਰੇਲਵੇ ਸਟੇਸ਼ਨ ’ਤੇ 30 ਹਜ਼ਾਰ ਯਾਤਰੀਆਂ ਦਾ ਫੁੱਟਫਾਲ, ਚਾਰ-ਚਾਰ ਵਾਟਰ ਕੂਲਰ ਤੇ ਵਾਟਰ ਬੂਥ, ਟੁੱਟੀਆਂ ’ਚ ਆ ਰਿਹਾ ਗਰਮ ਪਾਣੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਟੀ ਰੇਲਵੇ ਸਟੇਸ਼ਨ ’ਤੇ 30 ਹਜ਼ਾਰ ਤੋਂ ਵੱਧ ਮੁਸਾਫਰਾਂ ਦਾ ਫੁੱਟਫਾਲ ਹੈ। ਗਰਮੀ ਦੀਆਂ ਛੁੱਟੀਆਂ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਗਿਣਤੀ 35 ਤੋਂ 40 ਹਜ਼ਾਰ ਤੱਕ ਵੀ ਪੁੱਜ ਜਾਂਦੀ ਹੈ। ਇਸ ਗਰਮੀ ’ਚ ਮੁਸਾਫਰਾਂ ਲਈ ਸਟੇਸ਼ਨ ਦੇ ਪਲੇਟਫਾਰਮਾਂ ‘ਤੇ ਲਗਪਗ 200 ਟੂਟੀਆਂ ਲੱਗੀਆਂ ਹੋਈਆਂ ਹਨ ਤੇ ਪੰਜ ਵਾਟਰ ਕੂਲਰ ਵੀ ਲੱਗੇ ਹਨ। ਇਸ ਤੋਂ ਇਲਾਵਾ ਚਾਰ ਪੇਡ ਆਰਓ ਵਾਟਰ ਬੂਥ ਵੀ ਹਨ, ਜਿੱਥੇ ਤਿੰਨ ਰੁਪਏ ’ਚ ਪੀਣ ਵਾਲਾ ਪਾਣੀ ਮਿਲਦਾ ਹੈ। ਇਸ ਦੇ ਬਾਵਜੂਦ ਮੁਸਾਫਰਾਂ ਨੂੰ ਟੂਟੀਆਂ ਤੋਂ ਗਰਮ ਪਾਣੀ ਭਰਨ ਲਈ ਮਜਬੂਰ ਹੋਣਾ ਪੈਂਦਾ ਹੈ। ਕਾਰਨ ਇਹ ਹੈ ਕਿ ਪਲੇਟਫਾਰਮ ਨੰਬਰ ਇੱਕ ‘ਤੇ ਲੱਗੇ ਦੋਵੇਂ ਵਾਟਰ ਕੂਲਰ ਫੁਟਓਵਰ ਬ੍ਰਿਜ ਤੋਂ ਪਹਿਲਾਂ ਲੱਗੇ ਹੋਏ ਹਨ, ਜਦਕਿ ਬਾਕੀ ਹਿੱਸੇ ਵਿੱਚ ਵਾਟਰ ਕੂਲਰ ਨਹੀਂ ਹਨ। ਪਲੇਟਫਾਰਮ ਨੰਬਰ ਦੋ-ਤਿੰਨ ‘ਤੇ ਅੰਮ੍ਰਿਤਸਰ ਅਤੇ ਲੁਧਿਆਣਾ ਵੱਲ ਦੇ ਅੰਤ ’ਤੇ ਇੱਕ-ਇੱਕ ਵਾਟਰ ਕੂਲਰ ਲੱਗਾ ਹੋਇਆ ਹੈ। ਹਾਲਾਂਕਿ ਹੋਰ ਥਾਵਾਂ ’ਤੇ ਟੂਟੀਆਂ ਤੇ ਪੇਡ ਵਾਟਰ ਬੂਥ ਹਨ ਪਰ ਮੁਸਾਫਰਾਂ ਨੂੰ ਮੁਸ਼ਕਲ ਇਹ ਹੁੰਦੀ ਹੈ ਕਿ ਉਹ ਆਪਣੀ ਟ੍ਰੇਨ ਦੇ ਡੱਬੇ ਨੇੜੇ ਹੀ ਪਾਣੀ ਲੱਭਦੇ ਹਨ ਪਰ ਸਟੇਸ਼ਨ ਦੇ ਟੂਟੀਆਂ ’ਚ ਸਿੱਧੀ ਟੈਂਕੀ ਦਾ ਪਾਣੀ ਆਉਂਦਾ ਹੈ ਜੋ ਧੁੱਪ ਕਾਰਨ ਗਰਮ ਹੋ ਜਾਂਦਾ ਹੈ। ਇਸ ਕਰਕੇ ਪਲੇਟਫਾਰਮਾਂ ‘ਤੇ ਲੱਗੀਆਂ ਟੂਟੀਆਂ ‘ਚੋਂ ਗਰਮ ਪਾਣੀ ਆਉਂਦਾ ਹੈ, ਜਿਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ। ਯਾਤਰੀ ਟ੍ਰੇਨ ਰੁਕਦੇ ਹੀ ਪਾਣੀ ਭਰਨ ਲਈ ਟੂਟੀਆਂ ਵੱਲ ਦੌੜਦੇ ਹਨ ਪਰ ਉੱਥੇ ਗਰਮ ਪਾਣੀ ਮਿਲਦਾ ਹੈ। ਫਿਰ ਉਹ ਵਾਟਰ ਕੂਲਰ ਜਾਂ ਵਾਟਰ ਵੈਂਡਿੰਗ ਮਸ਼ੀਨਾਂ ਵੱਲ ਜਾਣ ਲਈ ਮਜਬੂਰ ਹੋ ਜਾਂਦੇ ਹਨ, ਨਹੀਂ ਤਾਂ ਉਨ੍ਹਾਂ ਨੂੰ ਸਟਾਲ ਤੋਂ ਪਾਣੀ ਦੀਆਂ ਬੋਤਲਾਂ ਖਰੀਦਣੀਆਂ ਪੈਂਦੀਆਂ ਹਨ। ਸਟੇਸ਼ਨ ‘ਤੇ ਪੰਜ ਰੁਪਏ ਵਿੱਚ ਇੱਕ ਲੀਟਰ ਪਾਣੀ ਮਿਲਦਾ ਹੈ, ਜਦਕਿ ਬੋਤਲ ਸਮੇਤ ਇਹ 8 ਰੁਪਏ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ “ਰੇਲ ਨੀਰ” ਦੀ ਬੋਤਲ 14 ਰੁਪਏ ਵਿੱਚ ਉਪਲਬਧ ਹੈ। ਸਟੇਸ਼ਨ ਸੁਪਰਡੈਂਟ ਹਰਿਦੱਤ ਸ਼ਰਮਾ ਅਨੁਸਾਰ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਤਹਿਤ ਵਾਟਰ ਕੂਲਰ ਤੇ ਵਾਟਰ ਵੇਂਡਿੰਗ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਦਯਾਚੰਦ ਤੇ ਵਿਦਿਆਵਤੀ ਨੇ ਦੱਸਿਆ ਕਿ ਸਟੇਸ਼ਨ ‘ਤੇ ਭਾਵੇਂ ਟੁੱਟੀਆਂ ਬਹੁਤ ਹਨ ਪਰ ਉਨ੍ਹਾਂ ’ਚ ਠੰਢਾ ਨਹੀਂ ਸਗੋਂ ਗਰਮ ਪਾਣੀ ਆਉਂਦਾ ਹੈ, ਜੋ ਇਸ ਗਰਮੀ ਵਿਚ ਪੀਣ ਯੋਗ ਨਹੀਂ ਰਹਿੰਦਾ। ਉਨ੍ਹਾਂ ਨੇ ਪਹਿਲਾਂ ਨਲ ਤੋਂ ਪਾਣੀ ਭਰਿਆ ਪਰ ਬਾਅਦ ’ਚ ਵਾਟਰ ਕੂਲਰ ਤੋਂ ਪਾਣੀ ਲੈ ਕੇ ਪੀਤਾ, ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੀ। ਇਸੇ ਤਰ੍ਹਾਂ ਰੋਸ਼ਨ ਸਿੰਘ ਨੇ ਕਿਹਾ ਕਿ ਵਾਟਰ ਕੂਲਰ ਤੋਂ ਮਿਲਣ ਵਾਲਾ ਠੰਢਾ ਪਾਣੀ ਹੀ ਗਰਮੀ ਵਿਚ ਕੁਝ ਰਾਹਤ ਦਿੰਦਾ ਹੈ, ਇਸ ਲਈ ਵਾਟਰ ਕੂਲਰਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ।