ਫੂਡ ਸੇਫਟੀ ਟੀਮ ਨੇ ਨਾਕੇ ਲਾ ਕੇ 10 ਦੁੱਧ ਦੇ ਸੈਂਪਲ ਭਰੇ
ਫੂਡ ਸੇਫਟੀ ਟੀਮ ਵੱਲੋਂ ਵੱਖ-ਵੱਖ ਖੇਤਰਾਂ ’ਚ ਨਾਕੇ ਲਗਾ ਕੇ 10 ਦੁੱਧ ਦੇ ਸੈਂਪਲ ਭਰੇ
Publish Date: Wed, 06 May 2026 09:06 PM (IST)
Updated Date: Wed, 06 May 2026 09:08 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਫੂਡ ਸੇਫਟੀ ਵਿੰਗ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਰਹਿਨੁਮਾਈ ਹੇਠ ਵਿਸ਼ੇਸ਼ ਕਾਰਵਾਈ ਕੀਤੀ ਗਈ। ਇਸ ਦੌਰਾਨ ਫੂਡ ਸੇਫਟੀ ਅਫਸਰ ਮੁਕੁਲ ਗਿੱਲ, ਰੋਬਿਨ ਕੁਮਾਰ ਅਤੇ ਸ਼੍ਰੀਮਤੀ ਪ੍ਰਭਜੋਤ ਕੌਰ ਦੀ ਟੀਮ ਵੱਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕੇ ਲਾ ਕੇ ਕੁੱਲ 10 ਦੁੱਧ ਦੇ ਸੈਂਪਲ ਇਕੱਤਰ ਕੀਤੇ ਗਏ। ਇਹ ਸੈਂਪਲ ਨਕੋਦਰ ਚੌਕ, ਮਕਸੂਦਾਂ, ਬਿਧੀਪੁਰ ਫਾਟਕ, ਕਰਤਾਰਪੁਰ ਚੌਂਕ ਅਤੇ ਜਲੰਧਰ ਕੈਂਟ ਖੇਤਰਾਂ ਤੋਂ ਭਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਕੱਤਰ ਕੀਤੇ ਗਏ ਸੈਂਪਲ ਸਟੇਟ ਫੂਡ ਲੈਬੋਰਟਰੀ ਵਿੱਚ ਜਾਂਚ ਲਈ ਭੇਜੇ ਜਾਣਗੇ। ਲੈਬ ਰਿਪੋਰਟ ਦੇ ਆਧਾਰ ‘ਤੇ ਫੂਡ ਸੇਫਟੀ ਐਕਟ ਅਧੀਨ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਸੁਖਵਿੰਦਰ ਸਿੰਘ, ਜ਼ਿਲ੍ਹਾ ਸਿਹਤ ਅਧਿਕਾਰੀ ਜਲੰਧਰ ਨੇ ਫੂਡ ਨਾਲ ਜੁੜੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਵਿਕਰੇਤਾਵਾਂ ਕੋਲ ਵੈਧ ਫੂਡ ਲਾਇਸੈਂਸ/ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਸਾਫ-ਸਫਾਈ ਦਾ ਖਾਸ ਧਿਆਨ ਰੱਖਣ ਅਤੇ ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਐਕਟ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਸ਼ੁੱਧ ਖਾਦ ਪਦਾਰਥ ਉਪਲਬਧ ਹੋ ਸਕਣ।