ਜੰਗ ਤੇ ਅਸਥਰਿਤਾ ਵਿਚਾਲੇ

ਜੰਗ ਤੇ ਅਸਥਰਿਤਾ ਵਿਚਾਲੇ ਨਿਵੇਸ਼ ਬੈਂਕ, ਡਿਫੈਂਸ, ਏਆਈ, ਸੱਟਾ ਬਾਜ਼ਾਰ ਤੇ ਹਰਿਤ ਊਰਜਾ ਨੂੰ ਮਿਲਿਆ ਫਾਇਦਾ
ਆਈਐੱਮਐੱਫ ਨੇ 2026 ਦੀ ਵਿਕਾਸ ਦਰ ਘਟਾ ਕੇ 3.1% ਕੀਤੀ, ਸੰਕਟ ਵਧਿਆ ਤਾਂ 2.5% ਤੱਕ ਡਿੱਗਣ ਦਾ ਖ਼ਦਸ਼ਾ
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪੱਛਮੀ ਏਸ਼ੀਆ ’ਚ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਤਣਾਅ ਵਿਚਾਲੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਆਲਮੀ ਅਰਥਵਿਵਸਥਾ ਨੂੰ ਲੈ ਕੇ ਚਿੰਤਾ ਜਤਾਈ ਹੈ। ਆਈਐੱਮਐੱਫ ਨੇ ਸਾਲ 2026 ਲਈ ਸੰਸਾਰਕ ਵਿਕਾਸ ਦਰ ਦਾ ਅਨੁਮਾਨ 3.3 ਫੀਸਦ ਤੋਂ ਘਟਾ ਕੇ 3.1 ਫੀਸਦ ਕਰ ਦਿੱਤਾ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇ ਸੰਕਟ ਲੰਬਾ ਚੱਲਦਾ ਹੈ ਤਾਂ ਇਹ ਦਰ 2.5 ਫੀਸਦ ਤੱਕ ਡਿੱਗ ਸਕਦੀ ਹੈ। ਅਲ ਜ਼ਜ਼ੀਰਾ ਦੀ ਰਿਪੋਰਟ ਅਨੁਸਾਰ ਇਸ ਆਲਮੀ ਅਸਥਿਰਤਾ ਦੇ ਦੌਰ ’ਚ ਵੀ ਕੁਝ ਉਦਯੋਗ ਅਜਿਹੇ ਰਹੇ, ਜਿਨ੍ਹਾਂ ਨੇ ਹਾਲਾਤ ਦਾ ਲਾਭ ਉਠਾਉਂਦੇ ਹੋਏ ਜ਼ਿਕਰਯੋਗ ਮੁਨਾਫਾ ਕਮਾਇਆ ਹੈ। ਇਨ੍ਹਾਂ ’ਚ ਵਾਲ ਸਟ੍ਰੀਟ ਨਿਵੇਸ਼ ਬੈਂਕ, ਸੱਟਾ ਬਾਜ਼ਾਰ, ਏਅਰੋਸਪੇਸ ਤੇ ਰੱਖਿਆ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤੇ ਨਵਿਆਉਣਯੋਗ ਊਰਜਾ ਖੇਤਰ ਪ੍ਰਮੁੱਖ ਹਨ।
ਵਾਲ ਸਟ੍ਰੀਟ ਨਿਵੇਸ਼ ਬੈਂਕ
ਅਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬਿਆਨਬਾਜ਼ੀ ਨਾਲ ਸ਼ੇਅਰ ਬਾਜ਼ਾਰ ’ਚ ਭਾਰੀ ਉਤਰਾਅ-ਚੜਾਅ ਦੇਖਣ ਨੂੰ ਮਿਲਿਆ। ਵਾਰ-ਵਾਰ ਬਦਲਦੇ ਰੁਖ਼ ਦੇ ਕਾਰਨ ਨਿਵੇਸ਼ਕਾਂ ’ਚ ਤੇਜ਼ੀ ਨਾਲ ਖ਼ਰੀਦ-ਵਿਕਰੀ ਵਧੀ, ਜਿਸ ਨਾਲ ਨਿਵੇਸ਼ ਬੈਂਕਾਂ ਦੀ ਕਮਾਈ ’ਚ ਉਛਾਲ ਆਇਆ। ਮਾਰਨਿੰਗ ਸਟਾਰ ਰਿਸਰਚ ਸਰਵਿਸਿਜ਼ ਦੇ ਡਾਇਰੈਕਟਰ ਸੀਨ ਡਨਲਪ ਦੇ ਅਨੁਸਾਰ ਬਾਜ਼ਾਰ ਦੀ ਅਸਥਿਰਤਾ ਨੇ ਟ੍ਰੇਡਿੰਗ ਵਾਲਿਊਮ ਵਧਾ ਦਿੱਤਾ, ਜਿਸ ਦਾ ਸਿੱਧਾ ਫ਼ਾਇਦਾ ਬੈਂਕਾਂ ਨੂੰ ਹੋਇਆ।
2026 ਦੀ ਪਹਿਲੀ ਤਿਮਾਹੀ ’ਚ ਮੋਰਗਨ ਸਟੈਨਲੀ ਦਾ ਮੁਨਾਫਾ 5.57 ਅਰਬ ਡਾਲਰ (29% ਵਾਧਾ), ਗੋਲਡਮੈਨ ਸਾਕਸ ਦਾ 5.63 ਅਰਬ ਡਾਲਰ (19% ਵਾਧਾ) ਤੇ ਜੇਪੀ ਮੌਰਗਨ ਚੇਜ਼ ਦਾ 16.49 ਅਰਬ ਡਾਲਰ (13% ਵਾਧਾ) ਰਿਹਾ। ਬੈਂਕਾਂ ਨੇ ਇਸ ਦਾ ਸਿਹਰਾ ਉੱਚ ਟ੍ਰੇਡਿੰਗ ਗਤੀਵਿਧੀਆਂ ਤੇ ਮਜ਼ਬੂਤ ਗਾਹਕ ਜੁੜਾਅ ਨੂੰ ਦਿੱਤਾ।
ਸੱਟਾ ਬਾਜ਼ਾਰ
ਕ੍ਰਿਪਟੋ ਆਧਾਰਿਤ ਸੱਟੇਬਾਜ਼ੀ ਪਲੇਟਫਾਰਮ ‘ਪਾਲੀਮਾਰਕੀਟ’ ਨੇ ਈਰਾਨ ਸੰਘਰਸ਼ ਦੌਰਾਨ ਭਾਰੀ ਮੁਨਾਫਾ ਕਮਾਇਆ। ਇਕ ਹੀ ਦਿਨ ’ਚ ਕੰਪਨੀ ਨੇ 10 ਲੱਖ ਡਾਲਰ ਤੱਕ ਦੀ ਕਮਾਈ ਕੀਤੀ। ਜੰਗ ਨਾਲ ਜੁੜੇ ਸੰਭਾਵੀ ਘਟਨਾਕ੍ਰਮਾਂ ’ਤੇ ਦਾਅ ਲਗਾਉਣ ਦਾ ਚਲਨ ਵਧਿਆ, ਜਿਸ ਨਾਲ ਪਲੇਟਫਾਰਮ ਦੀ ਆਮਦਨ ’ਚ ਤੇਜ਼ੀ ਹੋਈ।
ਡੇਫਿਲ ਲਾਮਾ ਦੇ ਅਨੁਸਾਰ ਕੰਪਨੀ ਨੇ ਫਰਵਰੀ ’ਚ 62.3 ਲੱਖ ਡਾਲਰ ਤੇ ਮਾਰਚ ’ਚ 1.16 ਕਰੋੜ ਡਾਲਰ ਫੀਸ ਨਾਲ ਕਮਾਏ। ਅਪ੍ਰੈਲ ’ਚ ਫੀਸ ਵਧਾਉਣ ਤੋਂ ਬਾਅਦ ਸਿਰਫ 15 ਦਿਨਾਂ ’ਚ 2.1 ਕਰੋੜ ਡਾਲਰ ਦੀ ਕਮਾਈ ਦਰਜ ਕੀਤੀ ਗਈ। ਅਨੁਮਾਨ ਹੈ ਕਿ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ ਕੰਪਨੀ ਸਾਲ 2026 ’ਚ ਸਿਰਫ ਫੀਸ ਤੋਂ 34.2 ਕਰੋੜ ਡਾਲਰ ਕਮਾ ਸਕਦੀ ਹੈ।
ਏਅਰੋਸਪੇਸ ਤੇ ਰੱਖਿਆ ਖੇਤਰ
ਯੂਕ੍ਰੇਨ, ਈਰਾਨ, ਗਾਜ਼ਾ ਤੇ ਹੋਰ ਸੰਘਰਸ਼ਾਂ ਦੇ ਚਲਦਿਆਂ ਰੱਖਿਆ ਖਰਚ ’ਚ ਵਿਸ਼ਵ ਪੱਧਰ ’ਤੇ ਤੇਜ਼ੀ ਆਈ ਹੈ। ਆਈਐੱਮਐੱਫ ਦੇ ਅਨੁਸਾਰ ਯੂਰਪ ’ਚ ਰੱਖਿਆ ਉਤਪਾਦਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਤੇ ਨਾਟੋ ਦੇਸ਼ਾਂ ਨੇ 2035 ਤੱਕ ਰੱਖਿਆ ਖਰਚ ਨੂੰ ਜੀਡੀਪੀ ਦੇ 5 ਫੀਸਦ ਤੱਕ ਲਿਜਾਣ ਦਾ ਟੀਚਾ ਰੱਖਿਆ ਹੈ।
ਐੱਮਐੱਸਸੀਆਈ ਵਰਲਡ ਏਅਰੋਸਪੇਸ ਐਂਡ ਡਿਫੈਂਸ ਇੰਡੈਕਸ ਦੇ ਅਨੁਸਾਰ ਮਾਰਚ ਦੇ ਅੰਤ ਤੱਕ ਇਸ ਖੇਤਰ ’ਚ 32 ਫੀਸਦ ਤੱਕ ਰਿਟਰਨ ਮਿਲਿਆ, ਜੋ ਵਿਆਪਕ ਐੱਮਐੱਸਸੀਆਈ ਵਰਲਡ ਇੰਡੈਕਸ (18.9%) ਤੋਂ ਕਿਤੇ ਜ਼ਿਆਦਾ ਹੈ।
ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ)
ਆਲਮੀ ਸੰਕਟ ਦੇ ਬਾਵਜੂਦ ਏਆਈ ਸੈਕਟਰ ਦੀ ਗਤੀ ਬਣੀ ਹੋਈ ਹੈ। ਸੰਯੁਕਤ ਰਾਸ਼ਟਰ ਵਪਾਰ ਤੇ ਵਿਕਾਸ (ਅੰਕਟਾਡ) ਦੇ ਅਨੁਸਾਰ ਏਆਈ ਬਾਜ਼ਾਰ 2023 ਦੇ 189 ਅਰਬ ਡਾਲਰ ਤੋਂ ਵਧ ਕੇ 2033 ਤੱਕ 4.8 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।
ਤਾਈਵਾਨ, ਜੋ ਏਆਈ ਚਿਪ ਨਿਰਮਾਣ ’ਚ ਮੋਹਰੀ ਹੈ, ਨੇ ਮਾਰਚ ’ਚ 80.2 ਅਰਬ ਡਾਲਰ ਦੀ ਬਰਾਮਦ ਕੀਤੀ, ਜੋ ਸਾਲਾਨਾ ਆਧਾਰ ’ਤੇ 61.8 ਫੀਸਦ ਵੱਧ ਹੈ। ਅਮਰੀਕਾ ਨੂੰ ਬਰਾਮਦ ’ਚ 124 ਫੀਸਦ ਦਾ ਵਾਧਾ ਦਰਜ ਕੀਤਾ ਗਿਆ। ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ (ਟੀਐੱਸਐੱਮਸੀ) ਦਾ ਪਹਿਲੀ ਤਿਮਾਹੀ ਦਾ ਮੁਨਾਫਾ 58 ਫੀਸਦ ਵਧ ਕੇ 18.1 ਅਰਬ ਡਾਲਰ ਦਾ ਰਿਹਾ।
ਨਵਿਆਉਣਯੋਗ (ਹਰਿਤ) ਊਰਜਾ
ਊਰਜਾ ਸੰਕਟ ਵਿਚਾਲੇ ਕਈ ਦੇਸ਼ਾਂ ਨੇ ਜੀਵਾਸ਼ਮ ਈਂਧਣ ’ਤੇ ਨਿਰਭਰਤਾ ਘਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਦੱਖਣੀ ਕੋਰੀਆ, ਭਾਰਤ, ਥਾਈਲੈਂਡ, ਇੰਡੋਨੇਸ਼ੀਆ, ਵੀਅਤਨਾਮ, ਤੇ ਫਿਲਪੀਨਜ਼ ਸਮੇਤ ਕਈ ਦੇਸ਼ਾਂ ਨੇ ਸੌਰ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਕਰ ਰਿਆਇਤਾਂ ਦਿੱਤੀਆਂ ਹਨ, ਜਦਕਿ ਪ੍ਰਮਾਣੂ ਊਰਜਾ ਪ੍ਰਾਜੈਕਟਾਂ ਨੂੰ ਵੀ ਗਤੀ ਮਿਲੀ ਹੈ। ਐੱਸ ਐਂਡ ਪੀ ਗਲੋਬਲ ਕਲੀਨ ਐਨਰਜੀ ਟ੍ਰਾਂਜੀਸ਼ਨ ਇੰਡੈਕਸ ਅਨੁਸਾਰ ਨਵਿਆਉਣਯੋਗ ਊਰਜਾ ਖੋਤਰ ’ਚ ਸਾਲ ਦਰ ਸਾਲ 70.92 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।