ਜ਼ਿਲ੍ਹੇ ’ਚ ਡੇਂਗੂ ਦੇ ਪੰਜ ਮਰੀਜ਼, 23 ਥਾਵਾਂ ’ਤੇ ਲਾਰਵਾ ਮਿਲਿਆ
ਜ਼ਿਲ੍ਹੇ ’ਚ ਡੇਂਗੂ ਦੇ ਪੰਜ ਮਰੀਜ਼, 23 ਥਾਵਾਂ ’ਤੇ ਲਾਰਵਾ ਮਿਲਿਆ
Publish Date: Thu, 23 Apr 2026 10:27 PM (IST)
Updated Date: Thu, 23 Apr 2026 10:31 PM (IST)

-ਸਿਹਤ ਵਿਭਾਗ ਨੇ ਇਕ ਲੱਖ ਤੋਂ ਵੱਧ ਘਰਾਂ ’ਚ ਜਾ ਕੇ ਕੀਤਾ ਸਰਵੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਖੁੱਲ੍ਹੇ ਆਸਮਾਨ ਹੇਠਾਂ ਭਾਵੇਂ ਤਾਪਮਾਨ 42 ਡਿਗਰੀ ਸੈਲਸੀਅਸ ਦੇ ਨੇੜੇ ਪੁੱਜ ਗਿਆ ਹੈ ਪਰ ਘਰਾਂ ਅੰਦਰ ਚੱਲ ਰਹੇ ਕੂਲਰਾਂ, ਗਮਲਿਆਂ ’ਚ ਖੜ੍ਹੇ ਪਾਣੀ ਅਤੇ ਪਾਣੀ ਵਾਲੇ ਸ਼ੋਅਪੀਸ ’ਚ ਡੇਂਗੂ ਪੈਦਾ ਹੋਣ ਲਈ ਅਨੁਕੂਲ ਮਾਹੌਲ ਬਣਿਆ ਹੋਇਆ ਹੈ। ਇਸ ਸੀਜ਼ਨ ਵਿਚ ਡੇਂਗੂ ਨੇ ਸ਼ਹਿਰ ਵਿਚ ਦਸਤਕ ਦੇ ਦਿੱਤੀ ਹੈ। ਜ਼ਿਲ੍ਹੇ ’ਚ 23 ਘਰਾਂ ਵਿੱਚ ਡੇਂਗੂ ਦਾ ਲਾਰਵਾ ਤੇ 5 ਮਰੀਜ਼ਾਂ ਵਿੱਚ ਡੇਂਗੂ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਘਰ-ਘਰ ਜਾ ਕੇ ਸਰਵੇ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਭਵਿੱਖ ਵਿੱਚ ਡੇਂਗੂ ਦੇ ਵਾਧੇ ਨੂੰ ਰੋਕਿਆ ਜਾ ਸਕੇ। ਸਿਹਤ ਵਿਭਾਗ ਦੇ ਮੁਤਾਬਕ ਜ਼ਿਲ੍ਹੇ ਵਿੱਚ 1,08,734 ਘਰਾਂ ਵਿੱਚ ਦੌਰਾ ਕੀਤਾ ਗਿਆ, ਜਿਸ ’ਚ 31,201 ਸ਼ਹਿਰੀ ਅਤੇ 77,533 ਪਿੰਡਾਂ ਦੇ ਇਲਾਕੇ ਸ਼ਾਮਲ ਹਨ। ਇਸ ਦੌਰਾਨ ਸ਼ਹਿਰੀ ਇਲਾਕਿਆਂ ’ਚ 7 ਅਤੇ ਪਿੰਡਾਂ ਵਿਚ 16 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਜ਼ਿਲ੍ਹੇ ਭਰ ’ਚ 393 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚੇ ਗਏ, ਜਿਨ੍ਹਾਂ ਵਿੱਚੋਂ 5 ਨੂੰ ਡੇਂਗੂ ਦੀ ਪੁਸ਼ਟੀ ਹੋਈ ਇਨ੍ਹਾਂ ’ਚ 2 ਸ਼ਹਿਰੀ ਅਤੇ 3 ਪਿੰਡਾਂ ਨਾਲ ਸਬੰਧਿਤ ਹਨ। ਚਿਕਨਗੁਨਿਆ ਲਈ 25 ਮਰੀਜ਼ਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 2 ਪਾਜ਼ੀਟਿਵ ਮਿਲੇ। ਪਿਛਲੇ ਸਾਲ ਜ਼ਿਲ੍ਹੇ ਵਿੱਚ 118 ਮਰੀਜ਼ ਅਤੇ 1,274 ਥਾਵਾਂ ‘ਤੇ ਡੇਂਗੂ ਦਾ ਲਾਰਵਾ ਮਿਲਿਆ ਸੀ। ਜ਼ਿਲ੍ਹਾ ਐਪੀਡਿਮੀਓਲਾਜਿਸਟ ਡਾ. ਅਦਿਤਿਆਪਾਲ ਸਿੰਘ ਨੇ ਦੱਸਿਆ ਕਿ ਘਰਾਂ ਵਿੱਚ ਕੂਲਰ ਚੱਲਣ ਲੱਗ ਪਏ ਹਨ ਤੇ ਉਨ੍ਹਾਂ ਵਿੱਚ ਡੇਂਗੂ ਪੈਦਾ ਹੋਣ ਲਈ ਤਾਪਮਾਨ ਅਨੁਕੂਲ ਹੈ। ਗਮਲਿਆਂ ’ਚ ਖੜ੍ਹਾ ਪਾਣੀ, ਸ਼ੋਅਪੀਸ ’ਚ ਪਾਣੀ ਅਤੇ ਘਰਾਂ ਅੰਦਰ ਬਾਹਰ ਨਾਲੋਂ ਘੱਟ ਤਾਪਮਾਨ ਹੋਣ ਕਾਰਨ ਡੇਂਗੂ ਵੱਧ ਰਿਹਾ ਹੈ। ਪਿਛਲੇ ਸਾਲ ਦੇ ਬੰਦ ਪਏ ਕੂਲਰਾਂ ’ਚ ਪਾਣੀ ਭਰਨ ਨਾਲ ਉਨ੍ਹਾਂ ਵਿੱਚ ਮੌਜੂਦ ਆਂਡਿਆਂ ਤੋਂ ਲਾਰਵਾ ਬਣਦਾ ਹੈ। ਇਸ ਤੋਂ ਇਲਾਵਾ ਫ੍ਰਿਜ ਦੀ ਬੈਕ ਟਰੇਅ ’ਚ ਇਕੱਠਾ ਪਾਣੀ ਵੀ ਡੇਂਗੂ ਪੈਦਾ ਹੋਣ ਲਈ ਮਦਦਗਾਰ ਹੁੰਦਾ ਹੈ।--