ਪਹਿਲਾਂ ਪ੍ਰੇਮੀ ਨੂੰ ਸੱਦ ਕੇ ਕੁੱਟਿਆ ਫਿਰ ਥਾਣੇ ਦੇ ਬਾਹਰ ਕਰਵਾਇਆ ਵਿਆਹ
ਜਾਸ, ਜਲੰਧਰ : ਇਕ
Publish Date: Wed, 13 May 2026 09:11 PM (IST)
Updated Date: Wed, 13 May 2026 09:12 PM (IST)
ਜਾਸ, ਜਲੰਧਰ : ਇਕ ਕੁੜੀ ਪਿਛਲੇ ਤਿੰਨ ਦਿਨਾਂ ਤੋਂ ਘਰੋਂ ਲਾਪਤਾ ਸੀ। ਪਰਿਵਾਰ ਨੂੰ ਜਿਸ ਨੌਜਵਾਨ 'ਤੇ ਸ਼ੱਕ ਸੀ, ਉਸ ਨੂੰ ਫੋਨ ਕਰਕੇ ਗੱਲ ਕਰ ਕੇ ਬੁਲਾਇਆ। ਜਦੋਂ ਨੌਜਵਾਨ ਪੁੱਜਾ ਤਾਂ ਪਰਿਵਾਰ ਨੇ ਕੁੱਟਮਾਰ ਕੀਤੀ ਤੇ ਉਸਨੂੰ ਖੰਭੇ ਨਾਲ ਬੰਨ੍ਹ ਦਿੱਤਾ। ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਨੇ ਨੌਜਵਾਨ ਨੂੰ ਛੁੜਵਾਇਆ ਤੇ ਪੁਲਿਸ ਹਵਾਲੇ ਕਰ ਦਿੱਤਾ। ਥਾਣਾ ਡਵੀਜ਼ਨ-5 ’ਚ ਨੌਜਵਾਨ ਨੇ ਪੁਲਿਸ ਨੂੰ ਪੂਰੀ ਕਹਾਣੀ ਸੁਣਾਈ, ਜਿਸ ਤੋਂ ਬਾਅਦ ਸ਼ਿਵ ਸੈਨਾ ਸਮਾਜਵਾਦੀ ਨੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਕਰਵਾਈ ਤੇ ਵਿਆਹ ਕਰਵਾ ਦਿੱਤਾ। ਥਾਣਾ ਡਵੀਜ਼ਨ-5 ਦੇ ਵਾਧੂ ਐੱਸਐੱਚਓ ਜਸਵੀਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਕਿਸੇ 'ਤੇ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀਆਂ, ਇਸ ਲਈ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।
ਨੌਜਵਾਨ ਤੇ ਕੁੜੀ ਦੋਵੇਂ ਬਾਲਗ ਹਨ ਤੇ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਬਸਤੀ ਨੌ ਦੀ ਰਹਿਣ ਵਾਲੀ ਕੁੜੀ ਅਨੁਸਾਰ, ਉਹ ਦੋਵੇਂ ਇਕ-ਦੂਜੇ ਨੂੰ ਇਕ ਸਾਲ ਤੋਂ ਜਾਣਦੇ ਹਨ ਤੇ ਵਿਆਹ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਹ ਘਰੋਂ ਚਲੇ ਗਈ ਸੀ। ਕੁੜੀ ਦੀ ਮਾਸੀ ਅਨੀਤਾ ਨੇ ਕਿਹਾ ਕਿ ਮੰਗਲਵਾਰ ਰਾਤ ਲਗਪਗ 11 ਵਜੇ ਉਸ ਦੀ ਕੁੜੀ ਨਾਲ ਗੱਲ ਹੋਈ ਤਾਂ ਪਤਾ ਲੱਗਾ ਕਿ ਉਸ ਨੇ ਨੌਜਵਾਨ ਨੂੰ ਗੱਲ ਕਰਨ ਲਈ ਸੱਦਿਆ ਸੀ। ਪੀੜਤ ਨੌਜਵਾਨ ਨੇ ਕਿਹਾ ਕਿ ਉਹ ਗੱਲ ਕਰਨ ਲਈ ਬਸਤੀ ਨੌ ਪੁੱਜਾ ਸੀ ਪਰ ਪਰਿਵਾਰ ਨੇ ਗੱਲ ਕਰਨ ਦੀ ਬਜਾਏ ਉਸ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਲਗਪਗ ਇਕ ਘੰਟੇ ਬਾਅਦ ਸਥਾਨਕ ਲੋਕਾਂ ਨੇ ਦਖ਼ਲਅੰਦਾਜ਼ੀ ਕੀਤੀ। ਸ਼ਿਵ ਸੈਨਾ ਦੇ ਮੈਂਬਰ ਮੌਕੇ 'ਤੇ ਪੁੱਜੇ ਤਾਂ ਥਾਣੇ ’ਚ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ।
ਪੁਲਿਸ ਥਾਣੇ ’ਚ ਹੋਈ ਗੱਲਬਾਤ ਮਗਰੋਂ ਦੋਵਾਂ ਪਰਿਵਾਰਾਂ ’ਚ ਸਹਿਮਤੀ ਬਣੀ ਅਤੇ ਥਾਣਾ ਡਵੀਜ਼ਨ-5 ਦੇ ਬਾਹਰ ਹਿੰਦੂ ਰੀਤੀ-ਰਿਵਾਜ ਮੁਤਾਬਕ ਦੋਵਾਂ ਦਾ ਵਿਆਹ ਕਰਵਾ ਦਿੱਤਾ ਗਿਆ। ਵਿਆਹ ਮਗਰੋਂ ਕੁੜੀ ਦੀ ਮਾਸੀ ਅਨੀਤਾ ਤੇ ਮਾਂ ਨੇ ਇਸ ਰਿਸ਼ਤੇ ਨੂੰ ਪ੍ਰਵਾਨ ਕਰ ਲਿਆ। ਦੋਵਾਂ ਧਿਰਾਂ ਨੇ ਥਾਣੇ ’ਚ ਆਪੋ-ਆਪਣੇ ਬਿਆਨ ਵੀ ਦਰਜ ਕਰਵਾ ਦਿੱਤੇ। ਥਾਣਾ ਡਵੀਜ਼ਨ-5 ਦੇ ਵਾਧੂ ਐੱਸਐੱਚਓ ਜਸਵੀਰ ਸਿੰਘ ਨੇ ਦੱਸਿਆ ਕਿ ਬਸਤੀ 9 ’ਚ ਦੋਵਾਂ ਧਿਰਾਂ ਵਿਚਾਲੇ ਵਿਵਾਦ ਹੋਇਆ ਸੀ, ਜਿਸ ’ਚ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਸੀ। ਬਾਅਦ ’ਚ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨ ਤੇ ਕੁੜੀ ਦੋਹਾਂ ਬਾਲਗ ਹਨ ਤੇ ਦੋਹਾਂ ਪਰਿਵਾਰ ਇਸ ਵਿਆਹ ਲਈ ਰਾਜ਼ੀ ਹਨ।