ਅਸਮਾਨੋਂ ਵਰ੍ਹਦੀ ਅੱਗ! ਹੁਸ਼ਿਆਰਪੁਰ 'ਚ 'ਲੂ' ਦੇ ਕਹਿਰ ਕਾਰਨ ਦੁਪਹਿਰੇ ਕਰਫਿਊ ਵਰਗਾ ਮਾਹੌਲ; ਸਿਹਤ ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ
ਉੱਤਰੀ ਭਾਰਤ ਸਮੇਤ ਪੂਰੇ ਪੰਜਾਬ ਵਿੱਚ ਪੈ ਰਹੀ ਅੰਨ੍ਹੇਵਾਹ ਗਰਮੀ ਨੇ ਹੁਣ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸੇ ਤਹਿਤ ਹੁਸ਼ਿਆਰਪੁਰ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵੀ ਅੱਤ ਦੀ ਗਰਮੀ ਅਤੇ ਭਿਆਨਕ ਲੂ (ਹੀਟ ਵੇਵ) ਦੀ ਗ੍ਰਿਫ਼ਤ ਵਿੱਚ ਹਨ। ਹਾਲਾਤ ਇਹ ਬਣ ਗਏ ਹਨ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਤੇਜ਼ ਧੁੱਪ ਅਤੇ ਲੂ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਸੰਨਾਟਾ ਪਸਰ ਜਾਂਦਾ ਹੈ ਤੇ ਬਾਜ਼ਾਰ ਬਿਲਕੁਲ ਉਜਾੜ ਤੇ ਵੀਰਾਨ ਨਜ਼ਰ ਆਉਣ ਲੱਗਦੇ ਹਨ ਅਤੇ ਸੜਕਾਂ 'ਤੇ ਆਵਾਜਾਈ ਵੀ ਨਾਮਾਤਰ ਰਹਿ ਜਾਂਦੀ ਹੈ।
Publish Date: Wed, 20 May 2026 01:42 PM (IST)
Updated Date: Wed, 20 May 2026 01:44 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਉੱਤਰੀ ਭਾਰਤ ਸਮੇਤ ਪੂਰੇ ਪੰਜਾਬ ਵਿੱਚ ਪੈ ਰਹੀ ਅੰਨ੍ਹੇਵਾਹ ਗਰਮੀ ਨੇ ਹੁਣ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸੇ ਤਹਿਤ ਹੁਸ਼ਿਆਰਪੁਰ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵੀ ਅੱਤ ਦੀ ਗਰਮੀ ਅਤੇ ਭਿਆਨਕ ਲੂ (ਹੀਟ ਵੇਵ) ਦੀ ਗ੍ਰਿਫ਼ਤ ਵਿੱਚ ਹਨ। ਹਾਲਾਤ ਇਹ ਬਣ ਗਏ ਹਨ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਤੇਜ਼ ਧੁੱਪ ਅਤੇ ਲੂ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਸੰਨਾਟਾ ਪਸਰ ਜਾਂਦਾ ਹੈ ਤੇ ਬਾਜ਼ਾਰ ਬਿਲਕੁਲ ਉਜਾੜ ਤੇ ਵੀਰਾਨ ਨਜ਼ਰ ਆਉਣ ਲੱਗਦੇ ਹਨ ਅਤੇ ਸੜਕਾਂ 'ਤੇ ਆਵਾਜਾਈ ਵੀ ਨਾਮਾਤਰ ਰਹਿ ਜਾਂਦੀ ਹੈ।
ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਗਰਮੀ ਦੀ ਚੇਤਾਵਨੀ ਨੂੰ 'ਯੈਲੋ' ਤੋਂ 'ਔਰੇਂਜ ਅਲਰਟ' ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਸਮਾਂ ਸਿਰਫ਼ "ਅਪਡੇਟ ਰਹਿਣ" ਦਾ ਨਹੀਂ ਬਲਕਿ ਖ਼ੁਦ ਨੂੰ ਇਸ ਗਰਮੀ ਤੋਂ ਬਚਾਉਣ ਲਈ "ਤਿਆਰ ਰਹਿਣ" ਦਾ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਲਈ ਐਤਵਾਰ ਤੱਕ ਲੂ (ਹੀਟ ਵੇਵ) ਤੋਂ ਲੈ ਕੇ ਭਿਆਨਕ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਇਸ ਪੂਰੇ ਹਫ਼ਤੇ ਦੌਰਾਨ ਤਿੱਖੀ ਗਰਮੀ ਪਵੇਗੀ ਅਤੇ ਕਿਧਰੇ ਵੀ ਮੀਂਹ, ਤੂਫ਼ਾਨ ਜਾਂ ਤੇਜ਼ ਹਵਾਵਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਤਾਪਮਾਨ ਵਿੱਚ ਲਗਾਤਾਰ ਹੋ ਰਹੇ ਇਸ ਵਾਧੇ ਨੂੰ ਦੇਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਹੀਟ ਵੇਵ (ਲੂ) ਅਤੇ ਗਰਮੀ ਤੋਂ ਬਚਾਅ ਲਈ ਵਿਸਥਾਰਪੂਰਵਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਵਾਤਾਵਰਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਜਾਂਦਾ ਹੈ, ਤਾਂ ਇਸ ਨੂੰ ਹੀਟ ਵੇਵ ਦੀ ਸਥਿਤੀ ਮੰਨਿਆ ਜਾਂਦਾ ਹੈ। ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤਰਣ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਗਰਮੀ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਲੂ ਚਲਣ ਦੀ ਸੰਭਾਵਨਾ ਵੱਧ ਰਹਿੰਦੀ ਹੈ, ਇਸ ਲਈ ਆਮ ਲੋਕਾਂ ਦੇ ਨਾਲ-ਨਾਲ ਸੰਵੇਦਨਸ਼ੀਲ ਵਰਗਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।
ਲੂ ਲੱਗਣ ਦੇ ਲੱਛਣ ਅਤੇ ਤੁਰੰਤ ਕੀਤੇ ਜਾਣ ਵਾਲੇ ਉਪਾਅ
ਡਾ. ਮਨਦੀਪ ਕਮਲ ਨੇ ਦੱਸਿਆ ਕਿ ਉੱਚ ਤਾਪਮਾਨ ਨਾਲ ਹੋਣ ਵਾਲੀ ਸਭ ਤੋਂ ਗੰਭੀਰ ਸਮੱਸਿਆ ਲੂ ਲੱਗਣਾ ਹੈ। ਇਸ ਦੇ ਲੱਛਣਾਂ ਵਿੱਚ ਸਰੀਰ ਦਾ ਤਾਪਮਾਨ 40°C ਤੋਂ ਵੱਧ ਹੋਣਾ, ਚੱਕਰ ਆਉਣਾ, ਬੇਹੋਸ਼ੀ ਜਾਂ ਭ੍ਰਮ ਦੀ ਸਥਿਤੀ, ਚਮੜੀ ਦਾ ਖੁਸ਼ਕ ਤੇ ਲਾਲ ਹੋਣਾ, ਤੇਜ਼ ਸਿਰ ਦਰਦ, ਉਲਟੀ ਆਉਣਾ, ਦਿਲ ਦੀ ਧੜਕਨ ਤੇਜ਼ ਹੋਣਾ, ਸਾਹ ਲੈਣ ਵਿੱਚ ਦਿੱਕਤ ਅਤੇ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਸ਼ਾਮਿਲ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
ਅਜਿਹੀ ਸਥਿਤੀ ਵਿੱਚ ਮਰੀਜ਼ ਦੀ ਜਾਨ ਬਚਾਉਣ ਲਈ ਤੁਰੰਤ ਇਹ ਕਦਮ ਚੁੱਕੋ:
ਮਰੀਜ਼ ਨੂੰ ਤੁਰੰਤ ਠੰਡੀ ਜਾਂ ਛਾਂਦਾਰ ਜਗ੍ਹਾ ’ਤੇ ਲਿਜਾਇਆ ਜਾਵੇ ਅਤੇ ਕੱਪੜੇ ਢਿੱਲੇ ਕੀਤੇ ਜਾਣ। ਗਿੱਲੇ ਤੋਲੀਏ ਜਾਂ ਕੱਪੜੇ ਸਰੀਰ ਤੇ ਰੱਖੇ ਜਾਣ ਅਤੇ ਪੱਖੇ ਨਾਲ ਹਵਾ ਦਿੱਤੀ ਜਾਵੇ। ਜੇਕਰ ਮਰੀਜ਼ ਹੋਸ਼ ਵਿੱਚ ਹੋਵੇ ਤਾਂ ਉਸ ਨੂੰ ਥੋੜਾ-ਥੋੜਾ ਠੰਡਾ ਪਾਣੀ ਪਿਲਾਓ। ਸਰੀਰ ’ਤੇ ਬਰਫ ਜਾਂ ਆਈਸ ਪੈਕ ਰੱਖੇ ਜਾਣ ਅਤੇ ਬਿਨਾਂ ਦੇਰੀ ਕੀਤੇ ਮਰੀਜ਼ ਨੂੰ ਹਸਪਤਾਲ (ਜੇ ਸੰਭਵ ਹੋਵੇ ਤਾਂ ਏ.ਸੀ. ਵਾਹਨ ਵਿੱਚ) ਪਹੁੰਚਾਇਆ ਜਾਵੇ, ਕਿਉਂਕਿ ਦੇਰੀ ਹੋਣ ਨਾਲ ਸਥਿਤੀ ਜੋਖਿਮ ਭਰੀ ਹੋ ਸਕਦੀ ਹੈ।
ਇਨ੍ਹਾਂ ਲੋਕਾਂ ਨੂੰ ਹੈ ਵੱਧ ਖਤਰਾ
ਨਵਜਾਤ ਅਤੇ ਛੋਟੇ ਬੱਚੇ, ਗਰਭਵਤੀ ਮਹਿਲਾਵਾਂ, ਬਜ਼ੁਰਗ, ਮਜ਼ਦੂਰ, ਮੋਟਾਪੇ ਨਾਲ ਪੀੜਤ ਵਿਅਕਤੀ, ਮਾਨਸਿਕ ਰੋਗੀ ਅਤੇ ਦਿਲ, ਹਾਈ ਬਲੱਡ ਪ੍ਰੈਸ਼ਰ, ਅਨਿਯੰਤ੍ਰਿਤ ਸ਼ੂਗਰ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਮਰੀਜ਼ ਜਾਂ ਜ਼ਿਆਦਾ ਸ਼ਰਾਬ ਪੀਣ ਵਾਲੇ ਲੋਕ ਲੂ ਦੇ ਵੱਧ ਖਤਰੇ ਵਿੱਚ ਰਹਿੰਦੇ ਹਨ। ਧੁੱਪ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।
ਸਿਹਤ ਵਿਭਾਗ ਵੱਲੋਂ ਜਾਰੀ 'ਕੀ ਕਰੋ' ਅਤੇ 'ਕੀ ਨਾ ਕਰੋ' ਦੀ ਸੂਚੀ:
ਕੀ ਨਾ ਕਰੋ (ਸਾਵਧਾਨੀਆਂ) :
ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਿਨਾਂ ਵਜ੍ਹਾ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ। ਬਹੁਤ ਜ਼ਿਆਦਾ ਗਰਮੀ ਦੇ ਸਮੇਂ ਰਸੋਈ ਵਿੱਚ ਲੰਬੇ ਸਮੇਂ ਤੱਕ ਖਾਣਾ ਬਣਾਉਣ ਤੋਂ ਬਚੋ ਅਤੇ ਰਸੋਈ ਵਿੱਚ ਹਵਾ ਆਉਣ-ਜਾਣ ਦੀ ਵਧੀਆ ਵਿਵਸਥਾ ਰੱਖੋ। ਸ਼ਰਾਬ, ਚਾਹ, ਕਾਫੀ, ਕਾਰਬੋਨੇਟਿਡ ਅਤੇ ਬਹੁਤ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ, ਕਿਉਂਕਿ ਇਹ ਸਰੀਰ ਵਿੱਚ ਪਾਣੀ ਦੀ ਕਮੀ ਕਰਦੇ ਹਨ। ਤਲਿਆ-ਭੁੰਨਿਆ ਅਤੇ ਬਾਸੀ ਭੋਜਨ ਬਿਲਕੁਲ ਨਾ ਖਾਓ। ਲੰਬੇ ਸਮੇਂ ਤੱਕ ਧੁੱਪ ਵਿੱਚ ਖੜੇ ਵਾਹਨ ਵਿੱਚ ਬੈਠਣ ਸਮੇਂ ਸਾਵਧਾਨੀ ਵਰਤੋ। ਬੱਚਿਆਂ, ਬਜ਼ੁਰਗਾਂ ਜਾਂ ਪਾਲਤੂ ਜਾਨਵਰਾਂ ਨੂੰ ਬੰਦ ਖੜ੍ਹੀ ਗੱਡੀ ਵਿੱਚ ਕਦੇ ਵੀ ਇਕੱਲਾ ਨਾ ਛੱਡੋ। ਠੰਡੇ (ਏ.ਸੀ.) ਥਾਂ ਤੋਂ ਨਿਕਲ ਕੇ ਇਕਦਮ ਤੇਜ਼ ਗਰਮੀ ਵਿੱਚ ਨਾ ਜਾਓ ਅਤੇ ਨਾ ਹੀ ਇਕਦਮ ਬਹੁਤ ਠੰਡਾ ਪਾਣੀ ਪੀਓ।
ਕੀ ਕਰੋ (ਬਚਾਅ ਦੇ ਤਰੀਕੇ):
ਹਲਕੇ ਰੰਗ ਦੇ, ਸੁਤੀ ਅਤੇ ਢਿੱਲੇ ਕੱਪੜੇ ਪਹਿਨੋ, ਜੋ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ। ਬਾਹਰ ਨਿਕਲਣ ਸਮੇਂ ਸਿਰ ਨੂੰ ਕਪੜੇ, ਟੋਪੀ, ਛੱਤਰੀ, ਤੌਲੀਆ, ਪੱਗ ਜਾਂ ਦੁਪੱਟੇ ਨਾਲ ਢੱਕ ਕੇ ਰੱਖੋ। ਆਪਣੇ ਨਾਲ ਹਮੇਸ਼ਾ ਪਾਣੀ ਦੀ ਬੋਤਲ ਰੱਖੋ ਅਤੇ ਪਿਆਸ ਨਾ ਲੱਗਣ ’ਤੇ ਵੀ ਸਮੇਂ-ਸਮੇਂ ’ਤੇ ਪਾਣੀ ਪੀਂਦੇ ਰਹੋ।
ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ, ਛਾਛ ਅਤੇ ਓ.ਆਰ.ਐਸ ਵਰਗੇ ਤਰਲ ਪਦਾਰਥਾਂ ਦਾ ਸੇਵਨ ਵਧਾਓ।
ਤਰਬੂਜ, ਸੰਤਰਾ, ਅੰਗੂਰ, ਖੀਰਾ, ਟਮਾਟਰ ਵਰਗੇ ਮੌਸਮੀ ਫਲ ਅਤੇ ਸਬਜ਼ੀਆਂ ਵੱਧ ਖਾਓ, ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਧੁੱਪ ਵਿੱਚ ਕੰਮ ਕਰਦੇ ਸਮੇਂ ਥੋੜੀ-ਥੋੜੀ ਦੇਰ ਬਾਅਦ ਛਾਂ ਵਿੱਚ ਆਰਾਮ ਕਰੋ। ਬਾਹਰ ਜਾਂਦੇ ਸਮੇਂ ਸਨਸਕਰੀਨ ਅਤੇ ਗੂੜ੍ਹੇ ਰੰਗ ਦੇ ਚਸ਼ਮੇ ਦੀ ਵਰਤੋਂ ਕਰੋ।
ਸਿਹਤ ਵਿਭਾਗ ਵੱਲੋਂ ਸਮੂਹ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਐਡਵਾਇਜ਼ਰੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਖ਼ੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਇਸ ਭਿਆਨਕ ਲੂ ਦੇ ਪ੍ਰਕੋਪ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਗੰਭੀਰ ਲੱਛਣ ਦਿਖਾਈ ਦੇਣ ’ਤੇ ਬਿਨਾਂ ਦੇਰੀ ਕੀਤੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।